ਲੁਧਿਆਣਾ, 17 ਨਵੰਬਰ 2022 – ਲੇਡੀ ਸਿੰਘਮ ਵਜੋਂ ਜਾਣੀ ਜਾਂਦੀ ਐਸਐਚਓ ਅਮਨਜੋਤ ਕੌਰ ਸੰਧੂ ਨੂੰ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਵਿੱਚ ਜੁਆਇਨ ਕਰਨ ਤੋਂ ਤਿੰਨ ਦਿਨ ਬਾਅਦ ਹੀ ਰਿਸ਼ਵਤ ਦੇ ਇੱਕ ਕੇਸ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਸ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੀ ਜਾਂਚ ਏਡੀਸੀਪੀ ਤੁਸ਼ਾਰ ਗੁਪਤਾ ਨੂੰ ਸੌਂਪ ਦਿੱਤੀ ਗਈ ਹੈ। ਜਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਪਿਛਲੇ ਤਿੰਨ ਦਿਨਾਂ ‘ਚ ਐੱਸਐੱਚਓ ਨੇ ਕਦੇ ਕਾਲੇ ਸ਼ੀਸ਼ਿਆਂ ਵਾਲਿਆਂ ਦੇ ਚਲਾਨ ਕੱਟੇ ਅਤੇ ਕਦੇ ਸ਼ਰਾਬੀਆਂ ‘ਤੇ ਕਾਰਵਾਈ ਕੀਤੀ, ਜਿਸ ਕਾਰਨ ਉਸ ਨੂੰ ਲੇਡੀ ਸਿੰਘਮ ਕਿਹਾ ਜਾਨ ਲੱਗਿਆ ਸੀ। ਉਨ੍ਹਾਂ ਦੀ ਥਾਂ ‘ਤੇ ਹੁਣ ਅਮਰਿੰਦਰ ਸਿੰਘ ਗਿੱਲ ਨੂੰ ਥਾਣਾ ਸਰਾਭਾ ਨਗਰ ਦਾ ਐੱਸ.ਐੱਚ.ਓ. ਲਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਐਸਐਚਓ ਅਮਨਦੀਪ ਕੌਰ ਲੁਧਿਆਣਾ ਤੋਂ ਪਹਿਲਾਂ ਸਟੇਟ ਸਾਈਬਰ ਸੈੱਲ ਮੁਹਾਲੀ ਵਿੱਚ ਤਾਇਨਾਤ ਸੀ। ਉਸ ਸਮੇਂ ਉਸ ਨੇ ਇੱਕ ਕੇਸ ਵਿੱਚ ਕਾਰਵਾਈ ਦੇ ਨਾਂ ’ਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਪਰ ਪੀੜਤ ਧਿਰ ਨੇ ਇਸ ਸਬੰਧੀ ਪੁਲਿਸ ਅਤੇ ਸਰਕਾਰ ਦੋਵਾਂ ਨੂੰ ਸ਼ਿਕਾਇਤ ਕੀਤੀ ਸੀ। ਜਿਸ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਉਪਰੋਕਤ ਦੋਸ਼ਾਂ ਦੀ ਜਾਂਚ ਕੀਤੀ ਗਈ ਅਤੇ ਉਹ ਸਹੀ ਪਾਏ ਗਏ। ਪਰ ਉਦੋਂ ਤੱਕ ਅਮਨਦੀਪ ਦੀ ਬਦਲੀ ਲੁਧਿਆਣਾ ਹੋ ਚੁੱਕੀ ਸੀ। ਪਰ ਜਦੋਂ ਉਕਤ ਰਿਪੋਰਟ ਲੁਧਿਆਣਾ ਦੇ ਸੀਪੀ ਮਨਦੀਪ ਸਿੰਘ ਸਿੱਧੂ ਕੋਲ ਪੁੱਜੀ ਤਾਂ ਉਨ੍ਹਾਂ ਅਮਨਦੀਪ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਏਡੀਸੀਪੀ ਨੂੰ ਵੀ ਪੂਰੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।