ਤਰਨਤਾਰਨ, 18 ਨਵੰਬਰ 2022 – ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪਾਕਿਸਤਾਨ ‘ਚ ਬੈਠੇ ਅੱਤਵਾਦੀਆਂ ਅਤੇ ਸਮੱਗਲਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਹੈ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਸ ਸਾਲ 256ਵੀਂ ਵਾਰ ਡਰੋਨ ਭਾਰਤੀ ਸਰਹੱਦ ‘ਚ ਦਾਖਲ ਹੋਇਆ ਹੈ। ਫਿਲਹਾਲ ਤਰਨਤਾਰਨ ਬਾਰਡਰ ‘ਤੇ ਬੀਐਸਐਫ ਵੱਲੋਂ ਤਲਾਸ਼ੀ ਲਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਕਰੀਬ 1 ਵਜੇ ਤਰਨਤਾਰਨ ਦੇ ਬੀਓਪੀ ਹਰਭਜਨ ਸਿੰਘ ‘ਤੇ ਡਰੋਨ ਦੀ ਹਰਕਤ ਦੇਖੀ ਗਈ। ਬੀਐਸਐਫ ਬਟਾਲੀਅਨ 101 ਦੇ ਜਵਾਨ ਗਸ਼ਤ ’ਤੇ ਸਨ। ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਡਰੋਨ ਦੀ ਸਹੀ ਮੂਵਮੈਂਟ ਦੇਖਣ ਲਈ 4 ਰੌਸ਼ਨੀ ਬੰਬ ਵੀ ਸੁੱਟੇ ਗਏ। ਬੀਐਸਐਫ ਦੇ ਜਵਾਨਾਂ ਵੱਲੋਂ ਕੁੱਲ 34 ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਵੱਲ ਮੁੜ ਗਿਆ।
ਬੀਐਸਐਫ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਾਲ ਇਸ ਤੋਂ ਪਹਿਲਾਂ 255 ਵਾਰ ਡਰੋਨ ਭਾਰਤੀ ਸਰਹੱਦ ਵਿੱਚ ਦਾਖਲ ਹੋ ਚੁੱਕੇ ਹਨ। ਇਹ ਇਕ ਹੋਰ ਕੋਸ਼ਿਸ਼ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਇਹ ਅੰਕੜਾ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਬੀਐਸਐਫ ਅਕਤੂਬਰ ਮਹੀਨੇ ਵਿੱਚ 3 ਡਰੋਨਾਂ ਨੂੰ ਡੇਗਣ ਵਿੱਚ ਵੀ ਕਾਮਯਾਬ ਰਿਹਾ।
ਫਿਲਹਾਲ ਬੀਐਸਐਫ ਵੱਲੋਂ ਤਰਨਤਾਰਨ ਸਰਹੱਦ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਖਤਮ ਹੋਣ ਤੋਂ ਬਾਅਦ ਹੀ ਸਪੱਸ਼ਟ ਜਾਣਕਾਰੀ ਦਿੱਤੀ ਜਾ ਸਕੇਗੀ।