ਚੰਡੀਗੜ੍ਹ, 20 ਨਵੰਬਰ 2022 – ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਮੀਡਿਆ ਰਿਪੋਰਟਾਂ ਮੁਤਾਬਕ ਬੰਬੀਹਾ ਗੈਂਗ ਨੇ ਉਸਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਨੇ ਰਿੰਦਾ ਨੂੰ ਪਾਕਿਸਤਾਨ ਵਿੱਚ ਸੈੱਟ ਕਰਵਾਇਆ ਸੀ। ਇਸ ਤੋਂ ਬਾਅਦ ਉਹ ਵਿਰੋਧੀ ਗਰੋਹ ਵਿੱਚ ਸ਼ਾਮਲ ਹੋ ਗਿਆ। ਉਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਗੈਂਗਸਟਰਾਂ ਲਾਰੈਂਸ ਅਤੇ ਗੋਲਡੀ ਬਰਾੜ ਦਾ ਵੀ ਸਾਥ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਿੰਦਾ ਨੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਬਿਸ਼ਨੋਈ ਗੈਂਗ ਨੂੰ ਹਥਿਆਰ ਮੁਹਈਆ ਕਰਵੇ ਸਨ ਤੇ ਉਹ ਉਨ੍ਹਾਂ ਨੂੰ ਧੋਖਾ ਦੇ ਰਿਹਾ ਸੀ ਜਿਸ ਕਰਕੇ ਉਨ੍ਹਾਂ ਉਸਦਾ ਕਤਲ ਕਰ ਦਿੱਤਾ ਹੈ।
ਫੇਸਬੁੱਕ ‘ਤੇ ਸਾਂਝੀ ਕੀਤੀ ਪੋਸਟ ਵਿੱਚ ਉਨ੍ਹਾਂ ਲਿਖਿਆ “ਉਮੀਦ ਕਰਦੇ ਆ ਸਾਡੇ ਸਾਰੇ ਵੀਰ ਠੀਕ ਹੋਣਗੇ, ਜੋ ਪਾਕਿਸਤਾਨ ਹਰਵਿੰਦਰ ਰਿੰਦਾ ਦਾ ਕਤਲ ਹੋਇਆ ਉਹ ਕੰਮ ਅਸੀ ਕਰਵਾਇਆ। ਰਿੰਦਾ ਨੂੰ ਸਾਡੇ ਵੀਰਾਂ ਨੇ ਹੀ ਪਾਕਿਸਤਾਨ ਵਿੱਚ ਸੈੱਟ ਕੀਤਾ ਸੀ ਫਿਰ ਇਹ ਸਾਡੇ ਵਿਰੋਧੀ ਗਰੁੱਪਾਂ ਨਾਲ ਰਲ ਚਿੱਟੇ ਦਾ ਕੰਮ ਕਰਨ ਲੱਗ ਪਿਆ ਅਤੇ ਸਾਡੇ ਬੰਦਿਆਂ ਦਾ ਨੁਕਸਾਨ ਕਰਾ ਰਿਹਾ ਸੀ। ਸਾਡੇ ਵੀਰ ਸਿੱਧੂ ਮੂਸੇ ਵਾਲੇ ਦੇ ਕਤਲ ਵਿੱਚ ਵੀ ਇਸ ਨੇ ਹੀ ਗੋਲਡੀ ਹੋਣਾ ਨੂੰ ਹਥਿਆਰ ਦਿੱਤੇ ਸੀ। ਇਸ ਦਾ ਖ਼ਮਿਆਜ਼ਾ ਇਸ ਨੂੰ ਭੁਗਤਨਾ ਪਿਆ, ਹੋਰ ਵੀ ਬਹੁਤ ਮਾੜੀਆਂ ਇਸ ਬੰਦੇ ਨੇ ਕੀਤੀਆਂ। ਬਾਕੀ ਹੋਰ ਜੋ ਕਤੀੜਾ ਨੇ ਜ਼ਿਆਦਾ ਸਮਾਂ ਨਹੀਂ ਲੱਗਦਾ ਕਿਸੇ ਵੀ ਦੇ ਵਿੱਚ ਲੁਕ ਲਵੋ। ਰੱਬ ਰਾਖਾ”

ਜ਼ਿਕਰਯੋਗ ਹੈ ਕਿ ਗੈਂਗਸਟਰ ਅੱਤਵਾਦੀ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ ‘ਚ ਮੌਤ ਹੋ ਗਈ ਹੈ। ਹਾਲਾਂਕਿ ਇਸ ਦਾ ਕਾਰਨ ਸਪੱਸ਼ਟ ਨਹੀਂ ਹੈ। ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਗੋਲੀ ਮਾਰੀ ਗਈ ਹੈ, ਜਦੋਂ ਕਿ ਕੁਝ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਮੌਤ ਦਵਾਈਆਂ ਦੀ ਓਵਰਡੋਜ਼ ਕਾਰਨ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਿੰਦਾ ਨੂੰ ਕਿਡਨੀ ਦੀ ਬੀਮਾਰੀ ਸੀ। ਉਨ੍ਹਾਂ ਦਾ ਲਾਹੌਰ ਦੇ ਜਿੰਦਲ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਇੱਥੋਂ ਉਸ ਨੂੰ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਹਸਪਤਾਲ ‘ਚ ਰਿੰਦਾ ਨੂੰ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਪੁਲਿਸ ਅਨੁਸਾਰ ਹਰਵਿੰਦਰ ਰਿੰਦਾ ਹਿਸਟਰੀ ਸ਼ੀਟਰ ਸੀ। ਉਹ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਮਹਾਰਾਸ਼ਟਰ ਵਿੱਚ ਗੈਂਗਸਟਰ ਸੀ। ਉਹ ਪੰਜਾਬ ਪੁਲਿਸ ਨੂੰ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਖੋਹ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ।
