- ਦੋਨੋਂ ਮੁੱਖ ਮੰਤਰੀਆਂ ਨੂੰ ਵਾਰੋ ਵਾਰੀ ਵਿਧਾਨ ਸਭਾ ਚਲਾਉਣ ਤੇ ਸਹਿਮਤ ਹੋਣ
- ਜਨਤਾ ਦੀਆਂ ਮੁਸਕਿਲਾਂ ਦੇ ਹੱਲ ਲਈ ਵਿਧਾਨ ਸਭਾ ਦੇ ਲੰਬੇ ਸੈਸ਼ਨ ਹੋਣ ਪਰ ਗੈਰ ਜਰੂਰੀ ਮੁੱਦੇ ਨਾ ਭੜਕਾਏ ਜਾਣ
ਚੰਡੀਗੜ੍ਹ, 20 ਨਵੰਬਰ 2022 – ਇਹ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬ ਦਾ ਪੂਰਾ ਹੱਕ ਹੈ ਅਤੇ ਇਸ ਸਬੰਧੀ ਕਿਸੇ ਦੇ ਮਨ ਵਿਚ ਕੋਈ ਸ਼ੱਕ ਵੀ ਨਹੀਂ ਹੋਣਾ ਚਾਹੀਦਾ, ਪੰਜਾਬ ਦੇ ਸਾਬਕਾ ਸਾਂਸਦ ਅਤੇ ਇਕ ਅਨੁਭਵੀ ਆਗੂ ਸੁਨੀਲ ਜਾਖੜ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਦਰੀਆਦਿਲੀ ਵਿਖਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਤਰਾਂ ਦੇ ਗੈਰਜ਼ਰੂਰੀ ਮੁੱਦੇ ਨਾ ਉਠਾਏ ਜਾਣ ਅਤੇ ਦੋਹੇਂ ਰਾਜ ਇਸ ਇਤਿਹਾਸਕ ਵਿਧਾਨ ਸਭਾ ਦੀ ਵਰਤੋਂ ਕਰ ਲੈਣ।
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਚੰਡੀਗੜ੍ਹ ਵਿਚ ਰਾਜ ਵਿਧਾਨ ਸਭਾ ਲਈ ਜਗਾਂ ਮੰਗੇ ਜਾਣ ਦਾ ਜਿਕਰ ਕਰਦਿਆ ਜਾਖੜ ਨੇ ਦੋਨੋਂ ਰਾਜਾਂ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਇਸ ਸੰਵੇਦਨਸ਼ੀਲ ਮੁੱਦੇ ਤੇ ਸਿਆਸੀ ਲਾਭ ਲਈ ਗੈਰ ਜ਼ਰੂਰੀ ਬਿਆਨਬਾਜੀ ਨਾ ਕਰਨ, ਕਿਉਂਕਿ ਕੁਝ ਤੱਤ ਇਸ ਦਾ ਲਾਭ ਆਪਸੀ ਕਲੇਸ਼ ਵਧਾਉਣ ਵਿਚ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੰਗ ਪੂਰੀ ਤਰਾਂ ਤਰਕਹੀਣ ਅਤੇ ਬੇਬੁਨਿਆਦ ਹੈ ਅਤੇ ਇਹ ਮੰਗ ਨਹੀਂ ਕੀਤੀ ਜਾਣੀ ਚਾਹੀਦੀ ਸੀ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਅਜੇ ਤੱਕ ਇਹ ਸਮਝ ਨਹੀਂ ਆਇਆ ਕਿ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਹਰਿਆਣਾ ਦੇ ਹਮ ਰੁਤਬਾ ਵੱਲੋਂ ਹਰਿਆਣਾ ਨੂੰ ਚੰਡੀਗੜ੍ਹ ਵਿਚ ਜਗਾਂ ਦੇਣ ਦੀ ਮੰਗ ਦਾ ਜਵਾਬ ਦਿੰਦਿਆਂ ਅਜਿਹੀ ਹੀ ਮੰਗ ਪੰਜਾਬ ਲਈ ਕਿਉਂ ਚੁੱਕੀ ਸੀ। ਭਾਜਪਾ ਨੇਤਾ ਕਿਹਾ ਕਿ ਪੰਜਾਬ ਵਿਧਾਨ ਸਭਾ ਲਈ ਅਲਗ ਜਗਾ ਦੀ ਮੰਗ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਨਾ ਕੇਵਲ ਪੰਜਾਬ ਦੇ ਮੁੱਦਿਆਂ ਬਾਰੇ ਆਪਣੀ ਸਮਝ ਦੀ ਘਾਟ ਨੂੰ ਪ੍ਰਦਰਸ਼ਤ ਕੀਤਾ ਹੈ ਬਲਕਿ ਇਸ ਨਾਲ ਹਰਿਆਣਾ ਦੀ ਗੈਰਜ਼ਰੂਰੀ ਅਤੇ ਤਰਕਹੀਣ ਮੰਗ ਨੂੰ ਵੀ ਬਲ ਮਿਲਿਆ।
ਜਾਖੜ ਨੇ ਅੱਗੇ ਕਿਹਾ ਕਿ ਦੋਨਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਬੈਠਕਾਂ ਦੀ ਸੰਖਿਆ ਨਿਰੰਤਰ ਤੌਰ ਤੇ ਘੱਟ ਹੁੰਦੀ ਜਾਂ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਪੰਜ ਸਾਲਾਂ ਦੌਰਾਨ ਦੋਨਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਨੇ ਸਲਾਨਾਂ ਔਸਤਨ 15-16 ਦਿਨ ਦੀਆਂ ਹੀ ਬੈਠਕਾਂ ਕੀਤੀਆਂ ਹਨ। ਇਸਦੇ ਨਾਲ ਹੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਦਫ਼ਤਰਾਂ ਦੀ ਕਮੀ ਦੇ ਮੁੱਦੇ ਤੇ ਜਾਖੜ ਨੇ ਸੁਝਾਅ ਦਿੱਤਾ ਕਿ ਅੰਤਰ ਰਾਸ਼ਟਰੀ ਪ੍ਰਸਿੱਧੀ ਹਾਸਲ ਇਸ ਹੈਰੀਟੇਜ਼ ਇਮਾਰਤ ਵਿਚ ਦੋਨੋਂ ਰਾਜ ਵਾਰੋ ਵਾਰੀ ਵਿਧਾਨ ਸਭਾ ਕਿਉਂ ਨਹੀਂ ਚਲਾ ਲੈਂਦੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਦੋਨਾਂ ਰਾਜਾਂ ਨੂੰ ਪੂਰੀ ਇਮਾਰਤ ਉਪਲਬੱਧ ਹੋ ਸਕਦੀ ਹੈ। ਕਿਸੇ ਵੀ ਮਹੀਨੇ ਦੇ ਪਹਿਲੇ 15 ਦਿਨ ਇਕ ਰਾਜ ਇਸਤੇਮਾਲ ਕਰ ਲਵੇ ਅਤੇ ਅਗਲੇ 15 ਦਿਨ ਦੂਜਾ ਰਾਜ ਇਸਤੇਮਾਲ ਕਰ ਲਵੇ। ਇਸਤਰਾਂ ਨਾਲ ਅਲਗ ਕਰਨ ਦੀ ਜ਼ਰੂਰਤ ਹੀ ਨਹੀਂ ਪੈਣੀ ਜਦ ਕਿ ਇਸਤਰਾਂ ਲੋਕਾਂ ਦੀ ਮੰਗ ਅਨੁਸਾਰ ਜਿਆਦਾ ਬੈਠਕਾਂ ਵੀ ਹੋ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਡਿਜਟਿਲ ਅਤੇ ਈਆਫਿਸ ਦੇ ਯੁਗ ਵਿਚ ਦਫ਼ਤਰਾਂ ਲਈ ਸਥਾਨ ਦੀ ਜਰੂਰਤ ਦੀ ਗੱਲ ਬੇਤੁਕੀ ਹੈ।
ਜਾਖੜ ਨੇ ਇਹ ਵੀ ਸੁਝਾਅ ਦਿੱਤਾ ਕਿ ਅਗਰ ਫਿਰ ਵੀ ਹਰਿਆਣਾ ਸੋਚਦਾ ਹੈ ਕਿ ਉਸਦੀ ਅਲਗ ਵਿਧਾਨ ਸਭਾ ਦੀ ਜਰੂਰਤ ਹੈ ਤਾਂ ਉਸਨੂੰ ਪੰਚਕੁਲਾ ਵਿਚ ਮਨਸਾ ਦੇਵੀ ਕੰਪਲੈਕਸ ਦੇ ਨਾਲ ਸਥਿਤ ਜ਼ਮੀਨ ਤੇ ਆਪਣੀ ਵਿਧਾਨ ਸਭਾ ਉਸਾਰ ਲੈਣੀ ਚਾਹੀਦੀ ਹੈ ਅਤੇ ਇਹ ਥਾਂ ਵਰਤਮਾਨ ਵਿਧਾਨ ਸਭਾ ਵਾਲੀ ਥਾਂ ਤੋਂ ਹੈ ਵੀ ਨੇੜੇ ਹੀ ਜਦ ਕਿ ਹਰਿਆਣਾ ਨੇ ਜਿੱਥੇ ਥਾਂ ਮੰਗ ਹੈ ਉਹ ਤਾਂ ਵਰਤਮਾਨ ਸਥਾਨ ਤੋਂ ਹੈ ਵੀ ਦੂਰ।