- ਹੁਣ ਕੇਸ ਚੱਲੇਗਾ; ਹਨੀ ਟ੍ਰੈਪ ਮਾਮਲੇ ‘ਚ 50 ਲੱਖ ਦੀ ਫਿਰੌਤੀ ਮੰਗੀ ਗਈ ਸੀ
ਚੰਡੀਗੜ੍ਹ, 22 ਨਵੰਬਰ 2022 – ਚੰਡੀਗੜ੍ਹ ਯੂਨੀਵਰਸਿਟੀ (ਸੀਯੂ), ਘੜੂੰਆਂ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ 20 ਸਾਲਾ ਹਿਤੇਸ਼ ਭੂਮਰਾ ਨੂੰ ਹਨੀ ਟ੍ਰੈਪ ਦਾ ਸ਼ਿਕਾਰ ਬਣਾ ਉਸਦੇ ਪਰਿਵਾਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਵਿੱਚ ਖਰੜ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਮਾਮਲੇ ‘ਚ ਹਿਤੇਸ਼ ਨੂੰ ਉਸ ਦੇ ਦੋਸਤਾਂ ਨੇ ਅਗਵਾ ਕਰ ਲਿਆ ਸੀ, ਜਿਸ ‘ਚ ਸੀ.ਯੂ ‘ਚ ਪੜ੍ਹਦੀ MBA ਦੀ ਵਿਦਿਆਰਥਣ ਵੀ ਸ਼ਾਮਿਲ ਸੀ। ਉਸ ਨੂੰ ਨਸ਼ੀਲਾ ਪਦਾਰਥ ਦਿੱਤਾ ਗਿਆ ਅਤੇ ਕੁਰਸੀ ਨਾਲ ਬੰਨ੍ਹ ਕੇ ਰੱਖਿਆ ਗਿਆ ਸੀ। ਹਿਤੇਸ਼ ਨੂੰ ਖਰੜ ਦੇ ਰਣਜੀਤ ਨਗਰ ‘ਚ ਕਿਰਾਏ ਦੇ ਫਲੈਟ ‘ਚ ਬੰਧਕ ਬਣਾਇਆ ਗਿਆ ਸੀ।
ਪੁਲਿਸ ਨੇ 48 ਘੰਟਿਆਂ ਵਿੱਚ ਮਾਮਲਾ ਸੁਲਝਾ ਲਿਆ ਸੀ। ਖਰੜ ਦੀ ਅਦਾਲਤ ਵਿੱਚ ਪੁਲੀਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 323, 346, 328, 364ਏ, 365, 468, 471, 482 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਚਲਾਨ ਪੇਸ਼ ਕੀਤੇ ਹਨ। ਹਿਤੇਸ਼ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਲੜਕੇ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਅਗਵਾਕਾਰ ਫਿਰੌਤੀ ਦੀ ਮੰਗ ਕਰ ਰਹੇ ਹਨ।
ਅਦਾਲਤ ਨੇ ਹੁਣ ਮੁਲਜ਼ਮਾਂ ਨੂੰ 3 ਦਸੰਬਰ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅਗਵਾ ਦਾ ਇਹ ਮਾਮਲਾ ਪਿਛਲੇ ਸਾਲ ਅਗਸਤ ਵਿੱਚ ਸਾਹਮਣੇ ਆਇਆ ਸੀ। ਮੁਲਜ਼ਮਾਂ ਨੇ ਫਿਰੌਤੀ ਲਈ ਪੂਰੀ ਯੋਜਨਾ ਬਣਾਈ ਹੋਈ ਸੀ। ਅਜਿਹੇ ‘ਚ ਪੁਲਸ ਟੀਮ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਉੱਤਰਾਖੰਡ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਜਾਣਾ ਪਿਆ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ ਲਗਜ਼ਰੀ ਕਾਰ, 5 ਮੋਬਾਈਲ ਫੋਨ, .32 ਪਿਸਤੌਲ ਅਤੇ 9 ਗੋਲੀਆਂ ਬਰਾਮਦ ਕੀਤੀਆਂ ਹਨ। ਮਾਮਲੇ ਦੇ ਤਿੰਨੋਂ ਮੁਲਜ਼ਮ ਹਰਿਆਣਾ ਦੇ ਰਹਿਣ ਵਾਲੇ ਸਨ। ਮੁਲਜ਼ਮਾਂ ਵਿੱਚੋਂ ਇੱਕ ਐਮਬੀਬੀਐਸ ਅਤੇ ਦੂਜਾ ਐਮਬੀਏ ਕਰ ਰਿਹਾ ਸੀ। ਜਦੋਂਕਿ ਹਿਤੇਸ਼ ਸੀਯੂ ਵਿੱਚ ਇੰਜੀਨੀਅਰਿੰਗ ਵਿੱਚ ਬੈਚਲਰ ਦਾ ਵਿਦਿਆਰਥੀ ਸੀ। ਉਹ ਸੀਯੂ ਦੇ ਹੋਸਟਲ ਵਿੱਚ ਹੀ ਰਹਿ ਰਿਹਾ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਰਾਖੀ ਨੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਈ ਸੀ। ਹਿਤੇਸ਼ ਨਾਲ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਦੋਸਤੀ ਕੀਤੀ ਅਤੇ ਉਸਨੂੰ ਮਿਲਣ ਲਈ ਬੁਲਾਇਆ। ਜਦੋਂ ਹਿਤੇਸ਼ ਰਾਖੀ ਨੂੰ ਮਿਲਣ ਲਈ ਮੋਹਾਲੀ-ਖਰੜ ਹਾਈਵੇ ‘ਤੇ ਇੱਕ ਵੀਆਰ ਮਾਲ ਨੇੜੇ ਪਹੁੰਚਿਆ ਤਾਂ ਰਾਖੀ ਅਤੇ ਅਜੇ ਕਾਦੀਆਂ ਨੇ ਉਸ ਨੂੰ ਅਗਵਾ ਕਰ ਲਿਆ। ਰਾਖੀ ਨੇ ਹਿਤੇਸ਼ ਨੂੰ ਦੱਸਿਆ ਸੀ ਕਿ ਘਰ ‘ਚ ਪਾਰਟੀ ਰੱਖੀ ਗਈ ਹੈ।
