ਚੰਡੀਗੜ੍ਹ, 22 ਨਵੰਬਰ 2022 – ਪਾਕਿਸਤਾਨ ‘ਚ ਮਾਰੇ ਗਏ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਇਟਲੀ ‘ਚ ਮਾਰੇ ਗਏ ਹੈਪੀ ਸੰਘੇੜਾ ਦੀ ਮੌਤ ‘ਤੇ ਅਜੇ ਵੀ ਸਸਪੈਂਸ ਜਾਰੀ ਹੈ। ਤਰਨਤਾਰਨ ਪਹੁੰਚੇ ਡੀਜੀਪੀ ਗੌਰਵ ਯਾਦਵ ਨੇ ਇਹਨਾਂ ਦੋਵਾਂ ਦੀ ਮੌਤ ਤੋਂ ਇਨਕਾਰ ਨਹੀਂ ਕੀਤਾ ਪਰ ਕਿਹਾ ਕਿ ਉਨ੍ਹਾਂ ਦੀ ਮੌਤ ਦੀ ਕੋਈ ਅਧਿਕਾਰਤ ਸੂਚਨਾ ਉਨ੍ਹਾਂ ਤੱਕ ਜਾਈ ਨਹੀਂ ਪਹੁੰਚੀ ਹੈ, ਸਿਰਫ ਮੀਡੀਆ ਦੇ ਮਾਧਿਅਮ ਰਾਹੀਂ ਇਸ ਦਾ ਪਤਾ ਲੱਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਹਰ ਸਾਲ ਪੁਲਿਸ ਵਿੱਚ ਭਰਤੀ ਹੋਣ ਦਾ ਸੁਨੇਹਾ ਦਿੱਤਾ।
ਗੌਰਵ ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਵੇਂ ਅੱਤਵਾਦੀ ਰਿੰਦਾ ਅਤੇ ਸੰਘੇੜਾ ਦੀ ਮੌਤ ਦੀ ਸੂਚਨਾ ਮੀਡੀਆ ਤੋਂ ਹੀ ਮਿਲੀ ਹੈ। ਪਰ ਇਸ ਦੀ ਅਧਿਕਾਰਤ ਜਾਣਕਾਰੀ ਉਨ੍ਹਾਂ ਤੱਕ ਨਹੀਂ ਪਹੁੰਚੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦੇਸ਼ਾਂ ‘ਚ ਲੁਕੇ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਵੀ ਚਿਤਾਵਨੀ ਦਿੱਤੀ ਹੈ। ਗੌਰਵ ਯਾਦਵ ਨੇ ਕਿਹਾ ਕਿ ਸਾਰਿਆਂ ਖਿਲਾਫ ਰੈੱਡ ਕਾਰਨਰ ਜਾਰੀ ਕਰਨ ਦੀ ਤਿਆਰੀ ਚੱਲ ਰਹੀ ਹੈ। ਜਲਦੀ ਹੀ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਪੰਜਾਬ ਲਿਆਂਦਾ ਜਾਵੇਗਾ।
ਡੀਜੀਪੀ ਗੌਰਵ ਯਾਦਵ ਨੇ ਸੁਨੇਹਾ ਦਿੱਤਾ ਕਿ ਨੌਜਵਾਨਾਂ ਨੂੰ ਹੁਣ ਗੈਂਗਸਟਰਾਂ ਵੱਲ ਮੁੜਨ ਦੀ ਲੋੜ ਨਹੀਂ ਹੈ। ਨਸ਼ਿਆਂ ਤੋਂ ਦੂਰ ਰਹਿ ਕੇ ਹੁਣ ਸਾਰੇ ਨੌਜਵਾਨਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਪੁਲਿਸ ਜੋ ਹਰ ਪੰਜ ਸਾਲ ਵਿੱਚ ਇੱਕ ਵਾਰ ਭਰਤੀ ਹੁੰਦੀ ਸੀ, ਹੁਣ ਇਹ ਭਰਤੀ ਹਰ ਸਾਲ ਕੀਤੀ ਜਾਵੇਗੀ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਲਾਨ ਕੀਤਾ ਹੈ।
ਗੌਰਵ ਯਾਦਵ ਨੇ ਕਿਹਾ ਕਿ ਗੈਂਗਸਟਰਾਂ ਦਾ ਅੰਤ ਹਮੇਸ਼ਾਂ ਮਾੜਾ ਹੁੰਦਾ ਹੈ। ਇਸ ਲਈ ਨੌਜਵਾਨਾਂ ਨੂੰ ਉਸ ਦਿਸ਼ਾ ਵੱਲ ਨਹੀਂ ਜਾਣਾ ਚਾਹੀਦਾ। ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਕੀਤਾ ਜਾ ਰਿਹਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅੰਮ੍ਰਿਤਪਾਲ ‘ਤੇ ਵੀ ਸਾਰੇ ਕਾਨੂੰਨੀ ਨਿਯਮ ਲਾਗੂ ਹੁੰਦੇ ਹਨ। ਉਸ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ। ਉਸ ਨੂੰ ਧਰਮ ਦਾ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ। ਜੇਕਰ ਉਹ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।