ਲੁਧਿਆਣਾ, 22 ਨਵੰਬਰ 2022 – ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰੀਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਦਰਅਸਲ ਵਿਜੀਲੈਂਸ ਬਿਊਰੋ ਨੇ ਪਿੰਡ ਲਾਡੀਆਂ ਦੇ ਸਰਪੰਚ ਨੂੰ 400 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਸ ਨੇ ਇਹ ਪੈਸੇ ਆਧਾਰ ਕਾਰਡ ‘ਤੇ ਦਰਜ ਪਤਾ ਬਦਲਣ ਲਈ ਲਏ ਸਨ। ਫਿਲਹਾਲ ਉਸ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪਿੰਡ ਲਾਦੀਆਂ ਦੇ ਸਰਪੰਚ ਪਰਮਜੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਉਕਤ ਪਿੰਡ ਦੇ ਰਹਿਣ ਵਾਲੇ ਅਮਨਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ 24 ਜੁਲਾਈ 2019 ਨੂੰ ਮੁਲਜ਼ਮ ਨੇ ਉਸ ਦੇ ਆਧਾਰ ਕਾਰਡ ਵਿੱਚ ਪਤਾ ਬਦਲਣ ਲਈ ਭਰੇ ਫਾਰਮ ’ਤੇ ਦਸਤਖ਼ਤ ਕਰਨ ਬਦਲੇ 500 ਰੁਪਏ ਦੀ ਮੰਗ ਕੀਤੀ ਸੀ। ਪਰ ਬਾਅਦ ਵਿੱਚ 200 ਰੁਪਏ ਲੈ ਲਏ।
ਹੁਣ 25 ਜੁਲਾਈ 2022 ਨੂੰ ਉਸ ਨੇ ਇਸੇ ਕੰਮ ਲਈ ਪਿੰਡ ਦੇ ਰੌਸ਼ਨ ਲਾਲ ਤੋਂ 200 ਰੁਪਏ ਲਏ। ਉਧਰ, ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਸਰਪੰਚ ਨੇ ਅਮਨਦੀਪ ਨੂੰ 200 ਰੁਪਏ ਵਾਪਸ ਕਰ ਦਿੱਤੇ। ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ ਅਤੇ ਵਿਜੀਲੈਂਸ ਬਿਊਰੋ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ।