- ਪੀ. ਡਬਲਿਊ. ਡੀ ਵਿਭਾਗ ਵਲੋਂ ਪੁਰਾਣੇ ਡਿਜ਼ਾਇਨ ਮੁਤਾਬਿਕ ਹੀ ਹੋਵੇਗਾ ਕੰਮ
ਚੰਡੀਗੜ੍ਹ, 23 ਨਵੰਬਰ 2022 – ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਜਲਦ ਹੀ ਪੰਜਾਬ ਨੂੰ ਇਕ ਨਵਾਂ ਏੇਅਰਪੋਰਟ ਮਿਲਣ ਜਾ ਰਿਹਾ ਹੈ। ਮਾਨ ਸਰਕਾਰ ਵਲੋਂ ਹਲਵਾਰਾ ਏਅਰਪੋਰਟ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਇਸ ਲਈ ਕਾਨੂੰਨ ਅਨੁਸਾਰ 50 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਹੈ।
ਇਹ ਕੰਮ ਫ਼ਿਰ ਤੋਂ ਪੀ. ਡਬਲਿਊ. ਡੀ ਵਿਭਾਗ ਵਲੋਂ ਪੁਰਾਣੇ ਡਿਜ਼ਾਇਨ ਮੁਤਾਬਿਕ ਹੀ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਹਿਲਾਂ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨਾਲ ਇਸ ਮੁੱਦੇ ਨੂੰ ਲੈ ਕੇ ਕੁਝ ਵਿਵਾਦ ਹੋ ਗਿਆ ਸੀ ਜਿਸ ਕਰਕੇ ਏਅਰਪੋਰਟ ਬਣਾਉਣ ਦਾ ਇਹ ਕੰਮ ਪਹਿਲਾਂ ਲਟਕ ਗਿਆ ਸੀ।
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਨੇ ਲੋਕ ਨਿਰਮਾਣ ਵਿਭਾਗ ਤੋਂ ਟਰਮੀਨਲ ਬਿਲਡਿੰਗ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਕਾਂਗਰਸ ਦੀ ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਹਲਵਾਰਾ ਏਅਰਪੋਰਟ ਟਰਮੀਨਲ ਦੀ ਇਮਾਰਤ ਦੀ ਉਸਾਰੀ ਨੂੰ ਲੈ ਕੇ ਸ਼ੁਰੂ ਤੋਂ ਹੀ ਸਹਿਮਤ ਨਹੀਂ ਹੋ ਸਕੀ। ਕਾਂਗਰਸ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਟਰਮੀਨਲ ਦੀ ਇਮਾਰਤ ਨੂੰ ਆਪਣੇ ਪੱਧਰ ‘ਤੇ ਬਣਾਉਣ ਦਾ ਫੈਸਲਾ ਕੀਤਾ, ਇਸ ਦੀ ਜ਼ਿੰਮੇਵਾਰੀ ਨੂੰ ਵੀ ਲੋਕ ਨਿਰਮਾਣ ਵਿਭਾਗ ਨੂੰ ਸੌਂਪ ਦਿੱਤਾ ਸੀ।
ਇਸ ਸੰਬੰਧੀ ਟੈਂਡਰ ਜਾਰੀ ਕੀਤਾ ਗਿਆ ਸੀ ਪਰ ਉਦੋਂ ਤੱਕ ਚੰਨੀ ਮੁੱਖ ਮੰਤਰੀ ਬਣ ਗਏ, ਚੰਨੀ ਦੇ ਸਮੇਂ ਸਰਕਾਰ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੰਸਟਰੱਕਸ਼ਨ ਕੰਪਨੀ ਦਾ ਕਰੀਬ ਪੰਜ ਫੀਸਦੀ ਕੰਮ ਕਰਵਾਇਆ ਸੀ। ਚੰਨੀ ਸਰਕਾਰ ਨੇ ਕੰਪਨੀ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ, ਜਿਸ ਕਾਰਨ ਕੰਪਨੀ ਨੇ ਕੰਮ ਬੰਦ ਕਰ ਦਿੱਤਾ।
ਪਰ ਹੁਣ ਮਾਨ ਸਰਕਾਰ ਨੇ ਹੁਣ 50 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਹ ਕੰਮ ਮੁੜ ਪੁਰਾਣੇ ਡਿਜ਼ਾਈਨ ਅਨੁਸਾਰ ਲੋਕ ਨਿਰਮਾਣ ਵਿਭਾਗ ਰਾਹੀਂ ਸ਼ੁਰੂ ਕੀਤਾ ਗਿਆ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਨਾਲ ਕੁਝ ਮੁੱਦੇ ਸਨ, ਜਿਸ ਕਾਰਨ ਕੰਮ ਠੱਪ ਹੋ ਗਿਆ। ਪਰ ਹੁਣ ਇਸ ਦਾ ਕੰਮ ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ।