ਚੰਡੀਗੜ੍ਹ, 26 ਨਵੰਬਰ 2022 – ਪੰਜਾਬ ਦੀ ਪੁਲਿਸ ਸੋਸ਼ਲ ਮੀਡੀਆ ‘ਤੇ ਹਥਿਆਰਾਂ ਦੀ ਪ੍ਰਦਰਸ਼ਨੀ ਨੂੰ ਲੈ ਕੇ ਸਖ਼ਤ ਹੈ। ਸੋਸ਼ਲ ਮੀਡੀਆ ‘ਤੇ ਬੰਦੂਕ ਕਲਚਰ ਨੂੰ ਵਧਾਵਾ ਦੇਣ ਵਾਲੀਆਂ ਤਸਵੀਰਾਂ ਪੋਸਟ ਕਰਨ ਵਾਲੇ ਅਜਿਹੇ ਲੋਕਾਂ ਖਿਲਾਫ ਰੋਜ਼ਾਨਾ ਕਾਰਵਾਈ ਅਤੇ ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਹੁਣ ਡੀਜੀਪੀ ਨੇ ਟਵੀਟ ਕਰਕੇ ਅਜਿਹੇ ਲੋਕਾਂ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਇੱਕ ਟਵੀਟ ਵਿੱਚ ਹਥਿਆਰਾਂ, ਫੋਟੋਆਂ ਅਤੇ ਵੀਡੀਓ ਆਦਿ ਦੇ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਹਟਾਉਣ ਲਈ ਕਿਹਾ ਹੈ। ਟਵਿੱਟਰ ਹੈਂਡਲ ‘ਤੇ ਜਾਰੀ ਇਸ ਟਵੀਟ ‘ਚ ਪੰਜਾਬ ਪੁਲਿਸ ਦੇ ਡੀਜੀਪੀ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ 3 ਦਿਨ ਦਾ ਸਮਾਂ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਨੇ ਹਥਿਆਰਾਂ ਸਮੇਤ ਆਪਣੀਆਂ ਫੋਟੋਆਂ ਇੰਟਰਨੈੱਟ ਮੀਡੀਆ ‘ਤੇ ਅਪਲੋਡ ਕੀਤੀਆਂ ਹਨ, ਉਹ ਮਿੱਥੇ ਸਮੇਂ ਦੇ ਅੰਦਰ-ਅੰਦਰ ਇਨ੍ਹਾਂ ਨੂੰ ਹਟਾਉਣ। ਤਿੰਨ ਦਿਨਾਂ ਤੱਕ ਕੋਈ ਸਬੰਧਤ ਐਫਆਈਆਰ ਦਰਜ ਨਹੀਂ ਕੀਤੀ ਜਾਵੇਗੀ। ਦੱਸ ਦੇਈਏ ਕਿ ਪੰਜਾਬ ‘ਚ ਗੰਨ ਕਲਚਰ ਨੂੰ ਰੋਕਣ ਲਈ ਪੁਲਸ ਹਰਕਤ ‘ਚ ਹੈ ਪਰ ਇਸ ਦੌਰਾਨ ਗਲਤੀ ਨਾਲ ਇਕ ਬੱਚੇ ‘ਤੇ ਕੀਤੀ ਐੱਫ.ਆਈ.ਆਰ. ਤੋਂ ਬਾਅਦ ਪੁਲਿਸ ਨੇ ਇਹ ਕਦਮ ਚੁੱਕਿਆ ਹੈ।
ਪੁਲਿਸ ਨੇ ਗੰਨ ਕਲਚਰ ਖਿਲਾਫ 90 ਦਿਨਾਂ ਦੀ ਮੁਹਿੰਮ ਚਲਾਈ ਹੈ। ਇਸ ‘ਚ ਇੰਟਰਨੈੱਟ ਮੀਡੀਆ ਵੀ ਨਿਸ਼ਾਨੇ ‘ਤੇ ਹੈ। ਹੁਣ ਤੱਕ ਕਈ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਹਥਿਆਰਾਂ ਲਈ ਜਾਰੀ ਕੀਤੇ ਗਏ ਲਾਇਸੈਂਸਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ। ਹੁਣ ਤੱਕ ਕਈ ਲੋਕਾਂ ਦੇ ਲਾਇਸੈਂਸ ਰੱਦ ਜਾਂ ਸਸਪੈਂਡ ਕੀਤੇ ਜਾ ਚੁੱਕੇ ਹਨ। ਜ਼ਿਲ੍ਹਿਆਂ ਵਿੱਚ ਤਾਇਨਾਤ ਪੰਜਾਬ ਪੁਲੀਸ ਦੀਆਂ ਵੱਖ-ਵੱਖ ਟੀਮਾਂ ਮੁਹਿੰਮ ਚਲਾ ਰਹੀਆਂ ਹਨ।