ਅੰਮ੍ਰਿਤਸਰ, 27 ਨਵੰਬਰ 2022 – ਸ਼ਨੀਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਤਖਤ ਸ਼੍ਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਦੌਰਾਨ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਧਾਰਮਿਕ ਸਜ਼ਾ ਮੁਆਫ ਕਰਨ ਅਤੇ ਐਨ ਆਰ ਆਈ ਸਿੱਖ ਤਮਿੰਦਰ ਸਿੰਘ ਆਨੰਦ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਨਲਾਈਨ ਪ੍ਰਕਾਸ਼ਨ ਕਰਨ ਕਾਰਨ ਪੰਥ ‘ਚੋਂ ਛੇਕ ਦਿੱਤਾ ਹੈ।
ਅਸਲ ‘ਚ ਐਨ ਆਰ ਆਈ ਸਿੱਖ ਤਮਿੰਦਰ ਸਿੰਘ ਆਨੰਦ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਲਤੀਆਂ ਨਾਲ ਆਨਲਾਈਨ ਪ੍ਰਕਾਸ਼ਨ ਕੀਤਾ ਗਿਆ ਸੀ ਜਿਸ ਕਰਨ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਬਿਨਾ ਦੂਜੇ ਪਾਸੇ ਉਸ ਦਾ ਸਹਿਯੋਗ ਕਰਨ ਵਾਲੇ ਉਸ ਦੇ ਸਾਥੀਆਂ ਨੂੰ ਤਨਖਾਹ ਲਈ ਗਈ ਹੈ।
ਸਿੰਘ ਸਾਹਿਬਾਨ ਅਨੁਸਾਰ ਚੀਨ ਤੋਂ ਗੁਰਬਾਣੀ ਬਦਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕਰਨ ਵਾਲੇ ਤਮਿੰਦਰ ਸਿੰਘ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਕੋਈ ਸਪੱਸ਼ਟੀਕਰਨ ਨਹੀਂ ਪੁੱਜਿਆ। ਇਸ ਕਾਰਨ ਉਸ ਨੂੰ ਪੰਥ ਤੋਂ ਛੇਕ ਦਿੱਤਾ ਗਿਆ ਹੈ। ਦੂਜੇ ਪਾਸੇ ਉਸ ਦੇ ਸਾਥੀਆਂ ਗੁਰਦਰਸ਼ਨ ਸਿੰਘ, ਰਾਜਵੰਤ ਸਿੰਘ ਅਤੇ ਭਜਨੀਕ ਸਿੰਘ, ਜਿਨ੍ਹਾਂ ਨੇ ਗਲਤੀ ਕਬੂਲ ਕੀਤੀ, ਨੂੰ ਧਾਰਮਿਕ ਸਜ਼ਾ ਦੇ ਕੇ ਮੁਆਫ਼ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਸਿੰਘ ਸਾਹਿਬਾਨ ਨੇ ਨਿਰਮਲ ਪੰਚਾਇਤੀ ਅਖਾੜਾ ਕਾਂਖਲ, ਹਰਿਦੁਆਰ ਦੇ ਮਹਤ ਗਿਆਨ ਦੇਵ ਸਿੰਘ ਨੂੰ ਆਪਣੀ ਭੁੱਲ ਬਖਸ਼ਾਉਣ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਿੰਘ ਸਾਹਿਬਾਨ ਨੇ ਹੋਰ ਵੀ ਕਈ ਫੈਸਲੇ ਲਏ ਹਨ।
ਮੀਟਿੰਗ ਵਿੱਚ ਸਿੰਘ ਸਾਹਿਬਾਨ ਨੇ ਸਿੱਖ ਕੌਮ ਦਾ ਆਪਣਾ ਇੰਟਰਨੈਸ਼ਨਲ ਸਿੱਖ ਐਜੂਕੇਸ਼ਨ ਬੋਰਡ ਬਣਾਉਣ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਬੈਂਕ ਬਣਾਉਣ ਦੀ ਵੀ ਵਕਾਲਤ ਕੀਤੀ ਹੈ। ਮੀਟਿੰਗ ਨੇ ਇਕ ਸਿੱਖ ਬੱਚੇ ‘ਤੇ ਹਥਿਆਰ ਦਿਖਾਉਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਪਹਿਲਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੀਆਂ ਫਿਲਮਾਂ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਕੀਤੀਆਂ ਜਾ ਰਹੀਆਂ ਚਾਲਾਂ ਦੀ ਵੀ ਨਿਖੇਧੀ ਕੀਤੀ ਗਈ।