ਪੰਜਾਬ ਵਿੱਚ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ‘ਤੇ ਕੋਈ ਪਾਬੰਦੀ ਨਹੀਂ – ਆਈ.ਜੀ.ਪੀ

• ਸਵੈ-ਰੱਖਿਆ ਲਈ ਲਾਇਸੈਂਸਸ਼ੁਦਾ ਹਥਿਆਰ ਆਪਣੇ ਕੋਲ ਰੱਖਣ ‘ਤੇ ਕੋਈ ਰੋਕ ਨਹੀਂ, ਆਈ.ਜੀ.ਪੀ. ਸੁਖਚੈਨ ਗਿੱਲ ਨੇ ਕੀਤਾ ਸਪੱਸ਼ਟ
• ਨਫ਼ਰਤ ਫੈਲਾਉਣ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ

ਚੰਡੀਗੜ੍ਹ, 30 ਨਵੰਬਰ 2022 – ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿੱਚ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਅਤੇ ਸਵੈ-ਰੱਖਿਆ ਲਈ ਇਨ੍ਹਾਂ ਨੂੰ ਆਪਣੇ ਕੋਲ ਰੱਖਣ ‘ਤੇ ਕੋਈ ਪਾਬੰਦੀ ਨਹੀਂ ਹੈ।

ਹਥਿਆਰਾਂ ਦੇ ਦਿਖਾਵੇ ਖ਼ਿਲਾਫ਼ ਵਿੱਢੀ ਮੁਹਿੰਮ ਬਾਰੇ ਭਰਮ-ਭੁਲੇਖਿਆਂ ਨੂੰ ਦੂਰ ਕਰਦਿਆਂ ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਆਪਣਾ ਲਾਇਸੈਂਸਸ਼ੁਦਾ ਹਥਿਆਰ ਆਪਣੇ ਕੋਲ ਰੱਖ ਸਕਦਾ ਹੈ, ਪਰ ਮਹਿਜ਼ ਦਿਖਾਵੇ ਜਾਂ ਕਿਸੇ ਨੂੰ ਡਰਾਉਣ ਧਮਕਾਉਣ ਲਈ ਇਸ ਦਾ ਪ੍ਰਦਰਸ਼ਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਨਵੇਂ ਅਸਲਾ ਲਾਇਸੈਂਸ ਚੰਗੀ ਤਰ੍ਹਾਂ ਤਸਦੀਕ ਕਰਨ ਉਪਰੰਤ ਕਿਸੇ ਵਿਅਕਤੀ ਨੂੰ ਖ਼ਤਰੇ ਸਬੰਧੀ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਰਿਟ ਦੇ ਆਧਾਰ ‘ਤੇ ਜਾਰੀ ਕੀਤੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਹਥਿਆਰਾਂ ਦੇ ਦਿਖਾਵੇ ਅਤੇ ਇਸ ਨੂੰ ਉਤਸ਼ਾਹਿਤ ਕਰਨ ਸਬੰਧੀ ਰੁਝਾਨ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਇਹ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਲਾਇਸੈਂਸਧਾਰਕਾਂ ਦੇ ਪਤੇ ਦੀ ਤਸਦੀਕ ਕਰਨ ਦੇ ਨਾਲ-ਨਾਲ ਲਾਇਸੈਂਸਸ਼ੁਦਾ ਹਥਿਆਰਾਂ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਹਥਿਆਰਾਂ ਦੇ ਪ੍ਰਦਰਸ਼ਨ ਤੋਂ ਰੋਕਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਥਿਆਰਾਂ ਨਾਲ ਆਪਣੀਆਂ ਤਸਵੀਰਾਂ ਹਟਾਉਣ ਲਈ 72 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ।

ਆਈ.ਜੀ.ਪੀ. ਨੇ ਕਿਹਾ ਕਿ ਇਸ ਦੇ ਨਾਲ ਹੀ ਨਫ਼ਰਤੀ ਅਪਰਾਧਾਂ ਸਬੰਧੀ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਾਰੇ ਸੀ.ਪੀਜ਼/ਐਸ.ਐਸ.ਪੀਜ਼. ਨੂੰ ਨਫ਼ਰਤ ਫੈਲਾਉਣ ਵਾਲਿਆਂ, ਜੋ ਸਮਾਜਿਕ ਤੇ ਆਪਸੀ ਭਾਈਚਾਰੇ ਦੇ ਤਾਣੇ-ਬਾਣੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੇ ਹਨ, ਖ਼ਿਲਾਫ਼ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾਉਣ ਲਈ ਵੀ ਕਿਹਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ: ਪੁਲਿਸ ਦੀ ਗੱਡੀ ‘ਤੇ ਆਤਮਘਾਤੀ ਹਮਲਾ, ਤਿੰਨ ਦੀ ਮੌਤ, 28 ਜ਼ਖਮੀ

ਵਿਜੀਲੈਂਸ ਦੀ ਭ੍ਰਿਸ਼ਟਾਚਾਰ ਵਿਰੁੱਧ ਤੇਜ਼ ਮੁਹਿੰਮ: 1 ਮਹੀਨੇ ‘ਚ 50 ਤੋਂ ਵੱਧ ਮੁਲਜ਼ਮ ਗ੍ਰਿਫਤਾਰ