ਅੰਮ੍ਰਿਤਸਰ, 2 ਦਸੰਬਰ 2022 – ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਦੇ ਸੇਵਾਮੁਕਤ ਸੀਨੀਅਰ ਮੈਡੀਕਲ ਅਫਸਰ (ਐਸਐਮਓ) ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੂੰ ਸੇਵਾਮੁਕਤ ਐਸ.ਐਮ.ਓ ਡਾ: ਸਤਨਾਮ ਸਿੰਘ ਵਿਰੁੱਧ ਆਨਲਾਈਨ ਸ਼ਿਕਾਇਤ ਮਿਲੀ ਸੀ। ਜਿਸ ਦੀ ਜਾਂਚ ਤੋਂ ਬਾਅਦ ਵੀਰਵਾਰ ਦੇਰ ਸ਼ਾਮ ਡਾਕਟਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਐਸਐਮਓ ਡਾ: ਸਤਨਾਮ ਸਿੰਘ ਅੰਮ੍ਰਿਤਸਰ ਦੇ ਫਰੈਂਡਜ਼ ਐਵੀਨਿਊ ਦਾ ਵਸਨੀਕ ਹੈ। ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਉਸ ਦੇ ਖਿਲਾਫ ਆਨਲਾਈਨ ਸ਼ਿਕਾਇਤ ਮਿਲੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਮਲਕੀਤ ਸਿੰਘ ਵਾਸੀ ਪਿੰਡ ਅਠਵਾਲ ਨੇ ਦੱਸਿਆ ਕਿ ਉਕਤ ਐਸ.ਐਮ.ਓ ਨੇ ਪੁਲਿਸ ਕੇਸ ਸਬੰਧੀ ਮੈਡੀਕੋ-ਲੀਗਲ ਰਿਪੋਰਟ ਦੇਣ ਦੇ ਬਦਲੇ 1.15 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਜਾਂਚ ਵਿੱਚ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ ਹਨ। ਡਾਕਟਰ ਨੇ ਮੈਡੀਕੋ-ਲੀਗਲ ਰਿਪੋਰਟ ਦੇਣ ਲਈ 1.15 ਲੱਖ ਰੁਪਏ ਮੰਗੇ ਸਨ ਅਤੇ ਲਏ ਸਨ। ਉਕਤ ਐੱਸ.ਐੱਮ.ਓ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।