ਪੰਜਾਬ ‘ਚ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ, 30,000 ਦੇ ਮੁੱਲ ਦਾ ਟੀਕਾ ਲੱਗੇਗਾ ਫਰੀ

  • ਰਾਜ ਦੇ 23 ਜਿਲ੍ਹਿਆਂ ਅਤੇ 03 ਮੈਡੀਕਲ ਕਾਲਜਾਂ ਵਿੱਚ ਸਟ੍ਰੋਕ ਰੈਡੀ ਯੂਨਿਟ ਕਾਰਜਸ਼ੀਲ:ਚੇਤਨ ਸਿੰਘ ਜੌੜਾਮਾਜਰਾ
  • ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਨੂੰ ਤੀਹ ਹਜ਼ਾਰ ਦੇ ਮੁੱਲ ਦਾ ਟੀਕਾ ਲਗਾਇਆ ਜਾਵੇਗਾ ਬਿਲਕੁਲ ਮੁਫ਼ਤ: ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ: 2 ਦਸੰਬਰ 2022 – ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਹੋਰ ਬਿਹਤਰ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਚੰਡੀਗੜ੍ਹ ਸਥਿਤ ਸਿਹਤ ਵਿਭਾਗ ਦੇ ਡਾਇਰੈਕਟਰ ਦਫ਼ਤਰ ਵਿਖੇ ਆਯੋਜਿਤ ਇੱਕ ਰੋਜ਼ਾ ਕਪੈਸਿਟੀ ਬਿਲਡਿੰਗ ਕਮ ਟ੍ਰੇਨਿੰਗ ਵਰਕਸ਼ਾਪ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।

ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਦੇ 23 ਜਿਲ੍ਹਾ ਹਸਪਤਾਲਾਂ ਅਤੇ 03 ਮੈਡੀਕਲ ਕਾਲਜਾਂ ਫ਼ਰੀਦਕੋਟ, ਅੰਮ੍ਰਿਤਸਰ ਸਾਹਿਬ ਅਤੇ ਪਟਿਆਲਾ ਵਿੱਚ ਸਟ੍ਰੋਕ ਰੈਡੀ ਯੂਨਿਟ ਸਥਾਪਤ ਕੀਤੇ ਜਾ ਰਹੇ ਹਨ । ਇਨ੍ਹਾਂ ਯੂਨਿਟਾਂ ਵਿੱਚ ਦਿਮਾਗੀ ਦੌਰਾ ਜਾਂ ਬ੍ਰੇਨ ਸਟ੍ਰੋਕ ਵਾਲੇ ਮਰੀਜ਼ਾਂ ਦਾ ਤੁਰੰਤ ਇਲਾਜ ਕੀਤਾ ਜਾਵੇਗਾ । ਪੰਜਾਬ ਵਿੱਚ ਹਾਈਪਰਟੈਂਸ਼ਨ ਜਿਸਨੂੰ ਕਿ ਆਮ ਭਾਸ਼ਾ ਵਿੱਚ ਬਲੱਡ ਪ੍ਰੈਸ਼ਰ ਵਧਣਾ ਵੀ ਕਿਹਾ ਜਾਂਦਾ ਹੈ, ਦੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਨ੍ਹਾਂ ਮਰੀਜ਼ਾਂ ਵਿੱਚੋਂ 50 ਪ੍ਰਤੀਸ਼ਤ ਮਰੀਜ਼ਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਹਾਈਪਰਟੈਂਸ਼ਨ ਹੈ। ਉਨ੍ਹਾਂ ਕਿਹਾ ਕਿ ਬ੍ਰੇਨ ਸਟ੍ਰੋਕ, ਹਾਈਪਰਟੈਂਸ਼ਨ ਕਾਰਣ ਹੋਣ ਵਾਲੀ ਇੱਕ ਬਹੁਤ ਹੀ ਗੰਭੀਰ ਅਤੇ ਘਾਤਕ ਸਥਿਤੀ ਹੈ, ਜਿਸ ਕਾਰਣ ਹਰੇਕ 30 ਮਿੰਟ ਵਿੱਚ ਇੱਕ ਮਰੀਜ਼ ਦੀ ਮੌਤ ਹੋ ਜਾਂਦੀ ਹੈ । ਇਸ ਤੋਂ ਇਲਾਵਾ ਇਸ ਬਿਮਾਰੀ ਕਾਰਣ ਮਰੀਜ਼ ਦਾ ਸਰੀਰ ਵੀ ਲਕਵਾਗ੍ਰਸਤ ਹੋ ਸਕਦਾ ਹੈ ।

ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਵਚਨ ਨੂੰ ਦੁਹਰਾਉਂਦਿਆਂ ਜੌੜਾਮਾਜਰਾ ਨੇ ਕਿਹਾ ਕਿ ਹੁਣ ਤੱਕ ਗਰੀਬ ਲੋਕਾਂ ਲਈ ਇਸ ਬਿਮਾਰੀ ਦਾ ਇਲਾਜ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਹੁਣ ਇਨ੍ਹਾਂ ਸਥਾਪਿਤ ਕੀਤੇ ਜਾ ਰਹੇ ਯੂਨਿਟਾਂ ਵਿੱਚ ਲਗਭਗ 30000/- ਰੁਪਏ ਤੱਕ ਦੇ ਮੁੱਲ ਦਾ ਟੀਕਾ ਬਿਲਕੁਲ ਮੁਫ਼ਤ ਲਗਾਇਆ ਜਾਵੇਗਾ ਅਤੇ ਮਰੀਜ਼ ਦਾ ਸੀ.ਟੀ. ਸਕੈਨ ਵੀ ਮੁਫ਼ਤ ਕੀਤਾ ਜਾਵੇਗਾ । ਇਸ ਨਾਲ਼ ਨਾ ਕੇਵਲ ਅਜਿਹੇ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਸਗੋਂ ਉਸਦੇ ਸ਼ਰੀਰ ਨੂੰ ਲਕਵਾਗ੍ਰਸਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ ।

ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਸਿਹਤ ਮੰਤਰੀ ਵੱਲੋਂ ਵਰਕਸ਼ਾਪ ਵਿੱਚ ਰਾਜ ਦੇ ਸਮੂਹ ਜਿਲ਼੍ਹਿਆਂ ਅਤੇ ਮੈਡੀਕਲ ਕਾਲਜਾਂ ਤੋਂ ਆਏ ਨੋਡਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਟ੍ਰੇਨਿੰਗ ਉਪਰੰਤ ਉਹ ਆਪਣੇ ਆਪਣੇ ਹਸਪਤਾਲਾਂ ਵਿੱਚ ਜਾਕੇ ਇਸ ਬਿਮਾਰੀ ਦੇ ਮਰੀਜ਼ਾਂ ਦੀ ਸੇਵਾ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਾ ਆਉਣ ਦੇਣ । ਇਸ ਬਿਮਾਰੀ ਵਿੱਚ ਦਿਮਾਗੀ ਦੌਰੇ ਅਤੇ ਮਰੀਜ਼ ਦੇ ਇਲਾਜ ਦਰਮਿਆਨ ਸਮਾਂ ਬਹੁਤ ਹੀ ਮਹੱਤਵ ਰੱਖਦਾ ਹੈ ਇਸ ਲਈ ਇਹ ਸਟ੍ਰੋਕ ਰੈਡੀ ਯੂਨਿਟ ਆਪਣੇ ਨਾਂ ਦੇ ਅਨੁਸਾਰ ਹੀ ਮਰੀਜ਼ ਦੇ ਇਲਾਜ ਲਈ ਹਰ ਸਮੇਂ ਤਿਆਰ ਹੋਣੇ ਚਾਹੀਦੇ ਹਨ ਤਾਂ ਜੋ ਅਜਿਹੇ ਮਰੀਜ਼ ਦਾ ਇੰਤਜ਼ਾਮ ਦੀ ਘਾਟ ਕਾਰਣ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ।

ਸਿਹਤ ਮੰਤਰੀ ਵੱਲੋਂ ਸੀ.ਐਮ.ਸੀ. ਲੁਧਿਆਣਾ,ਪੀ.ਜੀ.ਆਈ.ਚੰਡੀਗੜ੍ਹ ਦੇ ਨਿਊਰੌਲੌਜੀ ਵਿਭਾਗ ਅਤੇ ਐੰਜਲਜ਼ ਇਨਿਸ਼ਿਏਟਿਵ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸਿਹਤ ਵਿਭਾਗ ਪੰਜਾਬ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਬ੍ਰੇਨ ਸਟ੍ਰੋਕ ਦੇ ਇਲਾਜ ਸਬੰਧੀ ਟ੍ਰੇਨਿੰਗ ਦੇਣ ਵਿੱਚ ਸਹਾਇਤਾ ਕੀਤੀ ਹੈ ।

ਇਸ ਮੌਕੇ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਜੋਏ ਸ਼ਰਮਾ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਰਣਜੀਤ ਸਿੰਘ ਘੋਤੜਾ, ਸਹਾਇਕ ਡਾਇਰੈਕਟਰ ਡਾ: ਸੰਦੀਪ ਸਿੰਘ ਗਿੱਲ, ਡਾ: ਜੈਰਾਜ ਪਾਂਡੀਅਨ, ਪਿ੍ੰਸੀਪਲ ਅਤੇ ਡੀਨ ਪ੍ਰੋਫੈਸਰ ਨਿਊਰੋਲੋਜੀ, ਸੀਐਮਸੀ ਲੁਧਿਆਣਾ ਡਾ: ਧੀਰਜ ਖੁਰਾਣਾ, ਪ੍ਰੋਫੈਸਰ, ਨਿਊਰੋਲੋਜੀ ਪੀ.ਜੀ.ਆਈ.ਐਮ.ਈ.ਆਰ.ਚੰਡੀਗੜ੍ਹ, ਏਂਜਲਸ ਇਨੀਸ਼ੀਏਟਿਵ ਦੇ ਨੈਸ਼ਨਲ ਹੈੱਡ ਵਿਲੀਅਮ ਮਸੀਹ ਵੀ ਵਰਕਸ਼ਾਪ ਵਿੱਚ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਖਿਆ ਮੰਤਰੀ ਬੈਂਸ ਵਲੋਂ ਜਾਤ ਅਤੇ ਬਰਾਦਰੀ ਅਧਾਰਿਤ ਨਾਵਾਂ ਵਾਲੇ ਸਾਰੇ ਸਰਕਾਰੀ ਸਕੂਲਾਂ ਦੇ ਨਾਮ ਬਦਲਣ ਦੇ ਹੁਕਮ

ਲੁਟੇਰਿਆਂ ਨੇ ਹਥਿਆਰ ਦੀ ਨੋਕ ‘ਤੇ ਕੀਤੀ ਲੁੱਟ, ਤਿੰਨ ਗ੍ਰਿਫਤਾਰ