ਜੈਪੁਰ, 3 ਦਸੰਬਰ 2022 – ਰਾਜਸਥਾਨ ਵਿੱਚ ਇੱਕ ਵਾਰ ਫਿਰ ਗੈਂਗ ਵਾਰ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਗੈਂਗਸਟਰ ਰਾਜੂ ਠੇਠ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਹ ਕਰੀਬ 3 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਆਪਣਾ ਗੈਂਗ ਵਧਾ ਰਿਹਾ ਸੀ। ਚਾਰ ਹਥਿਆਰਬੰਦ ਬਦਮਾਸ਼ਾਂ ਨੇ ਸ਼ਨੀਵਾਰ ਸਵੇਰੇ ਸੀਕਰ ਵਿੱਚ ਸੀਐਲਸੀ ਕੋਚਿੰਗ ਨੇੜੇ ਰਾਜੂ ਠੇਠ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਪਿਛਲੇ ਦਿਨੀਂ ਰਾਜਸਥਾਨ ‘ਚ 2 ਗੈਂਗਸਟਰਾਂ ਵਿਚਾਲੇ ਲੰਬੇ ਸਮੇਂ ਤੋਂ ਸਰਦਾਰੀ ਦੀ ਲੜਾਈ ਚੱਲ ਰਹੀ ਸੀ। ਆਨੰਦਪਾਲ ਦਾ ਜੂਨ 2017 ਵਿੱਚ ਪੁਲਿਸ ਨੇ ਐਨਕਾਊਂਟਰ ਕੀਤਾ ਸੀ। ਉਸ ਤੋਂ ਬਾਅਦ ਰਾਜੂ ਠੇਠ ਦਾ ਸੀਕਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਬਦਬਾ ਹੋ ਗਿਆ ਸੀ। ਵੱਖ-ਵੱਖ ਗੰਭੀਰ ਅਪਰਾਧਾਂ ਕਾਰਨ ਪੁਲਸ ਨੇ ਰਾਜੂ ਠੇਠ ਨੂੰ ਗ੍ਰਿਫਤਾਰ ਕਰਕੇ ਜੈਪੁਰ ਦੀ ਸੈਂਟਰਲ ਜੇਲ ਵਿਚ ਬੰਦ ਕਰ ਦਿੱਤਾ ਸੀ ਪਰ 3 ਮਹੀਨੇ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ।
ਆਨੰਦਪਾਲ ਸਿੰਘ ਤੋਂ ਇਲਾਵਾ ਰਾਜੂ ਠੇਠ ਦੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਵੀ ਦੁਸ਼ਮਣੀ ਸੀ। ਇਨ੍ਹਾਂ ਗਰੋਹਾਂ ਦਰਮਿਆਨ ਸਰਦਾਰੀ ਲਈ ਕਈ ਵਾਰ ਲੜਾਈਆਂ ਹੋਈਆਂ ਹਨ। ਰਾਜੂ ਠੇਠ ਦੀ ਸੀਕਰ ‘ਚ ਸ਼ਨੀਵਾਰ 3 ਦਸੰਬਰ ਦੀ ਸਵੇਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਲਾਰੇਂਸ ਬਿਸ਼ਨੋਈ ਗਰੁੱਪ ਨੇ ਘਟਨਾ ਤੋਂ ਬਾਅਦ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕਤਲ ਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ ਨਾਂ ਦੀ ਫੇਸਬੁੱਕ ਆਈਡੀ ਤੋਂ ਲਈ ਗਈ ਹੈ। ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਵਿਅਕਤੀ ਨੇ ਇਸ ਪੋਸਟ ਵਿੱਚ ਆਨੰਦਪਾਲ ਅਤੇ ਬਲਬੀਰ ਬਨੂਦਾ ਦੇ ਕਤਲ ਦਾ ਬਦਲਾ ਲੈਣ ਦਾ ਜ਼ਿਕਰ ਕੀਤਾ ਹੈ। ਰੋਹਿਤ ਗੋਦਾਰਾ ਨੇ ਲਿਖਿਆ, ਮੈਂ ਕਤਲ ਦੀ ਜ਼ਿੰਮੇਵਾਰੀ ਲੈਂਦਾ ਹਾਂ, ਬਦਲਾ ਪੂਰਾ ਹੋ ਗਿਆ ਹੈ।