ਫਤਿਹਗੜ੍ਹ ਸਾਹਿਬ 6 ਦਸੰਬਰ 2022 – ਫਤਿਹਗੜ੍ਹ ਸਾਹਿਬ ਪੁਲਸ ਨੇ ਹਾਦਸਾਗ੍ਰਸਤ ਟਰੱਕ ‘ਚੋਂ ਲੱਖਾਂ ਰੁਪਏ ਦੇ ਸੇਬ ਚੋਰੀ ਕਰਨ ਦੇ ਦੋਸ਼ ‘ਚ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। 2 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪਟਿਆਲਾ ਨਿਵਾਸੀ ਰਾਜਵਿੰਦਰ ਸਿੰਘ ਅਤੇ ਮੁਹਾਲੀ ਨਿਵਾਸੀ ਗੁਰਪ੍ਰੀਤ ਸਿੰਘ ਨੇ ਐਸਐਸਪੀ ਫਤਿਹਗੜ੍ਹ ਸਾਹਿਬ ਡਾ: ਰਵਜੋਤ ਗਰੇਵਾਲ ਦੀ ਹਾਜ਼ਰੀ ਵਿੱਚ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਦੇ ਰਹਿਣ ਵਾਲੇ ਸ਼ਾਹਿਦ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ 9.12 ਲੱਖ ਰੁਪਏ ਦਾ ਚੈੱਕ ਸੌਂਪਿਆ।
ਐਸਐਸਪੀ ਡਾ: ਗਰੇਵਾਲ ਨੇ ਦੱਸਿਆ ਕਿ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਿਨਾਉਣੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ ਅਤੇ ਹੁਣ ਤੱਕ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਧਰਮਪਾਲ, ਬੀਰਾ ਰਾਮ, ਬਿੰਦਰ ਰਾਮ, ਜੀਤਾ ਰਾਮ, ਸੋਮਨਾਥ, ਰਿੰਕੂ ਰਾਮ, ਛਿੰਦਾ ਰਾਮ, ਕਰਨੈਲ ਸਿੰਘ, ਸੁਖਵਿੰਦਰ ਸਿੰਘ, ਜਰਨੈਲ ਸਿੰਘ ਸਾਰੇ ਵਾਸੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ।
ਸਮਾਜ ਸੇਵੀ ਰਾਜਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਪਤਰਕਾਰਾਂ ਨੂੰ ਦੱਸਿਆ ਕਿ ਟਰੱਕ ਵਿੱਚੋਂ ਸੇਬਾਂ ਦੀ ਲੁੱਟ ਦੀ ਘਟਨਾ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਕਾਰਨ ਸਮੁੱਚੇ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਸ ਨੇ ਬਾਰਾਮੂਲਾ ਦੇ ਸੇਬ ਵਪਾਰੀ ਨੂੰ ਹੋਏ ਨੁਕਸਾਨ ਦੇ ਬਦਲੇ ਨੌ ਲੱਖ ਬਾਰਾਂ ਹਜ਼ਾਰ 543 ਰੁਪਏ ਦਾ ਚੈੱਕ ਦਿੱਤਾ ਹੈ।
ਦੂਜੇ ਪਾਸੇ ਸੇਬ ਵਪਾਰੀ ਸ਼ਾਹਿਦ ਦਾ ਕਹਿਣਾ ਹੈ ਕਿ ਉਸ ਨੇ ਪੰਜਾਬ ਵਿੱਚ ਲੋਕਾਂ ਦੀ ਮਦਦ ਬਾਰੇ ਤਾਂ ਜ਼ਰੂਰ ਦੇਖਿਆ ਅਤੇ ਸੁਣਿਆ ਹੈ ਪਰ ਜਦੋਂ ਪਹਿਲੀ ਵਾਰ ਚੋਰੀ ਦੀ ਅਜਿਹੀ ਘਟਨਾ ਵਾਪਰੀ ਤਾਂ ਉਸ ਨੂੰ ਗਹਿਰਾ ਦੁੱਖ ਹੋਇਆ। ਪਹਿਲੀ ਵਾਰ ਮਹਿਸੂਸ ਹੋਇਆ ਕਿ ਪੰਜਾਬੀਆਂ ਦਾ ਵੀ ਇਹੋ ਹਾਲ ਹੈ। ਪਰ ਅੱਜ ਵੀਰਾਂ ਨੇ ਸਾਡੀ ਮਦਦ ਕੀਤੀ ਹੈ, ਜਿਸ ਲਈ ਉਹ ਪੰਜਾਬ ਦੇ ਧੰਨਵਾਦੀ ਹਨ। ਉਸਨੇ ਕਿਹਾ ਕਿ ਉਸਨੇ ਪੰਜਾਬ ਵਿੱਚ ਪੜ੍ਹਾਈ ਕੀਤੀ ਹੈ ਅਤੇ ਉਹ ਜਾਣਦਾ ਹੈ ਕਿ ਇੱਥੇ ਲੋਕ ਮਦਦ ਕਰਨ ਲਈ ਜਾਣੇ ਜਾਂਦੇ ਹਨ। ਉਸ ਨੇ 9.12 ਲੱਖ ਰੁਪਏ ਦੇ ਚੈੱਕ ਦੇਣ ਲਈ ਦੋਵਾਂ ਸਮਰਾਟੀਆਂ ਦਾ ਧੰਨਵਾਦ ਕੀਤਾ।
ਜਿਕਰ ਯੋਗ ਹੈ ਕਿ ਸ਼ਨੀਵਾਰ ਨੂੰ ਫਤਿਹਗੜ੍ਹ ਸਾਹਿਬ ਜ਼ਿਲੇ ‘ਚ ਦਿੱਲੀ-ਅੰਮ੍ਰਿਤਸਰ ਹਾਈਵੇ ‘ਤੇ ਫਲਾਂ ਨਾਲ ਭਰੇ ਟਰੱਕ ਦੇ ਪਲਟ ਜਾਣ ਤੋਂ ਬਾਅਦ ਪਿੰਡ ਵਾਸੀਆਂ ਅਤੇ ਰਾਹਗੀਰਾਂ ਵੱਲੋਂ ਸੇਬਾਂ ਦੇ 1200 ਡੱਬੇ ਚੋਰੀ ਕਰ ਲਏ ਗਏ। ਟਰੱਕ ਸ੍ਰੀਨਗਰ ਤੋਂ ਬਿਹਾਰ ਜਾ ਰਿਹਾ ਸੀ। ਸੇਬਾਂ ਦੇ ਡੱਬੇ ਖੋਹੇ ਜਾਣ ਦਾ ਵੀਡੀਓ ਵਾਇਰਲ ਹੋਇਆ ਸੀ। ਰਾਜਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਪੁਲੀਸ ਕੋਲ ਪਹੁੰਚ ਕਰਕੇ ਟਰੱਕ ਦੇ ਮਾਲਕ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਇੱਛਾ ਪ੍ਰਗਟਾਈ।
ਰਾਜਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਕੁਝ ਲੋਕ ਹਾਦਸੇ ਦਾ ਸ਼ਿਕਾਰ ਹੋਏ ਟਰੱਕ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਸੇਬਾਂ ਦੇ ਡੱਬੇ ਚੋਰੀ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜੋ ਪੰਜਾਬ ਵਿੱਚ ਵਾਪਰੀ ਹੈ। ਰਾਜਵਿੰਦਰ ਨੇ ਕਿਹਾ, “ਅਸੀਂ ਲੋਕਾਂ ਨੂੰ ਪੰਜਾਬੀਅਤ ਦਾ ਇੱਕ ਚੰਗਾ ਸੁਨੇਹਾ ਦੇਣਾ ਚਾਹੁੰਦੇ ਹਾਂ,” ਨਾਲ ਹੀ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।