ਮਾਨਸਾ, 6 ਦਸੰਬਰ 2022 : ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਪੰਜਾਬੀ ਗਾਇਕਾਂ ਤੋਂ ਪੰਜਾਬ ਪੁਲਿਸ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਦੀਆਂ ਤਾਰਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜਦੀਆਂ ਜਾ ਰਹੀਆਂ ਹਨ।
ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਮਾਨਸਾ ਪੁਲਿਸ ਇਸ ਮਾਮਲੇ ਵਿੱਚ ਪੰਜਾਬ ਦੇ ਨਾਮੀ ਗਾਇਕ ਬੱਬੂ ਮਾਨ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ। ਸੂਤਰਾਂ ਅਨੁਸਾਰ ਮਾਨਸਾ ਪੁਲਿਸ ਪੁੱਛਗਿੱਛ ਲਈ ਬੱਬੂ ਮਾਨ, ਮਨਕੀਰਤ ਔਲਖ, ਦਿਲਪ੍ਰੀਤ ਢਿੱਲੋਂ ਅਤੇ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੈਪਾਲ ਮਿੱਡੂਖੇੜਾ ਸਮੇਤ ਹੋਰਾਂ ਨੂੰ ਵੀ ਬੁਲਾ ਸਕਦੀ ਹੈ।
ਸੂਤਰਾਂ ਮੁਤਾਬਿਕ ਮਾਨਸਾ ਪੁਲਿਸ ਉੱਚ ਪੁਲਿਸ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਮਾਮਲੇ ‘ਚ ਜਾਂਚ ਕਰ ਸਕਦੀ ਹੈ। ਪੁਲੀਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇਨ੍ਹਾਂ ਤੋਂ ਸ਼ੱਕ ਦੇ ਆਧਾਰ ਉਤੇ ਕਈ ਕਿਸਮ ਦੀ ਜਾਣਕਾਰੀ ਲੈਣੀ ਹੈ, ਜਿਸ ਲਈ ਸਾਰੇ ਦਸਤਾਵੇਜ਼ ਮੁਕੰਮਲ ਕਰ ਲਏ ਗਏ ਹਨ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਈ ਵਾਰੀ ਭਾਸ਼ਣਾਂ ਰਾਹੀਂ ਹੋਮਲੈਂਡ ਦਾ ਵੀ ਜ਼ਿਕਰ ਕਰ ਚੁੱਕੇ ਹਨ ਅਤੇ ਵਿੱਕੀ ਮਿੱਡੂਖੇੜਾ ਦੇ ਭਰਾ ‘ਤੇ ਵੀ ਦੋਸ਼ ਲਗਾ ਚੁੱਕੇ ਹਨ, ਜਿਨ੍ਹਾਂ ਤੋਂ ਛੇਤੀ ਹੀ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ।
ਮੀਡਿਆ ਰਿਪੋਰਟਾਂ ਮੁਤਾਬਕ ਇਨ੍ਹਾਂ ਗਾਇਕਾਂ ਤੋਂ ਇਲਾਵਾ ਪੁਲਿਸ ਨੇ ਸੰਗੀਤ ਨਿਰਦੇਸ਼ਕ ਨਿਸ਼ਾਨ ਸਿੰਘ, ਜੋ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਪੁੱਤਰ ਦੱਸਿਆ ਗਿਆ ਹੈ ਤੇ ਬਾਵਾ ਸੰਧੂ, ਜੋ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਜ਼ਦੀਕੀ ਹੈ, ਨੂੰ ਵੀ ਤਲਬ ਕੀਤਾ ਹੈ।