ਬਠਿੰਡਾ, 7 ਨਵੰਬਰ 2022 – ਬਠਿੰਡਾ ਦੇ ਵੂਮੈਨ ਐਂਡ ਚਿਲਡਰਨ ਸਿਵਲ ਹਸਪਤਾਲ ‘ਚੋਂ ਐਤਵਾਰ ਦੁਪਹਿਰ ਨੂੰ ਮਾਂ-ਧੀ ਦੀ ਜੋੜੀ ਵੱਲੋਂ 4 ਦਿਨਾਂ ਦਾ ਨਵਜੰਮਿਆ ਬੱਚਾ ਚੋਰੀ ਕਰ ਲਿਆ ਗਿਆ ਸੀ। ਜ਼ਿਲ੍ਹਾ ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨਾਲ ਹੀ ਬਠਿੰਡਾ ਦੇ ਇੱਕ ਸਮਾਜ ਸੇਵੀ ਦੀ ਮਦਦ ਨਾਲ ਬੱਚੇ ਨੂੰ ਪਿੰਡ ਮਲੂਕਾ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ।
ਬੱਚਾ ਭਾਵੇਂ ਜ਼ੁਕਾਮ ਤੋਂ ਪੀੜਤ ਹੈ ਪਰ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਮੁਲਜ਼ਮ ਮਾਂ-ਧੀ ਬਠਿੰਡਾ ਦੇ ਪਿੰਡ ਕੋਠਾ ਗੁਰੂ ਦੇ ਰਹਿਣ ਵਾਲੇ ਹਨ। ਦੋਵਾਂ ਨੇ ਬੱਚੇ ਨੂੰ ਮਲੂਕਾ ਪਿੰਡ ਵਿੱਚ ਛੁਪਾ ਦਿੱਤਾ ਸੀ। ਐੱਸਐੱਸਪੀ ਬਠਿੰਡਾ ਕੁਝ ਸਮੇਂ ਬਾਅਦ ਇਸ ਮਾਮਲੇ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ।
ਦਰਅਸਲ ਸਿਵਲ ਹਸਪਤਾਲ ‘ਚੋਂ ਦੋਸ਼ੀ ਦੇ ਫਰਾਰ ਹੋਣ ਤੋਂ ਬਾਅਦ ਬਠਿੰਡਾ ਪੁਲਸ ਨੇ ਉਸ ਦੀ ਫੋਟੋ ਵਾਇਰਲ ਕਰ ਦਿੱਤੀ। ਇਸ ਤੋਂ ਬਾਅਦ ਕਿਸੇ ਵਿਅਕਤੀ ਨੇ ਬਠਿੰਡਾ ਦੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੂੰ ਫੋਨ ਕਰਕੇ ਮਹਿਲਾ ਦੀ ਪਛਾਣ ਦੱਸੀ। ਦੱਸਿਆ ਗਿਆ ਕਿ ਮੁਲਜ਼ਮ ਔਰਤਾਂ ਮਾਂ-ਧੀ ਹਨ ਅਤੇ ਕੋਠਾ ਗੁਰੂ ਦੀਆਂ ਰਹਿਣ ਵਾਲੀਆਂ ਹਨ।
ਇਸ ਸਬੰਧੀ ਜਾਣਕਾਰੀ ਦੇਣ ਵਾਲੇ ਵਿਅਕਤੀ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਔਰਤਾਂ ਅਪਰਾਧਿਕ ਕਿਸਮ ਦੀਆਂ ਹਨ। ਕਿਉਂਕਿ ਇਸ ਤੋਂ ਪਹਿਲਾਂ ਵੀ ਉਸ ‘ਤੇ ਇਕ ਬੱਚੀ ਨੂੰ ਨਹਿਰ ‘ਚ ਸੁੱਟਣ ਦਾ ਦੋਸ਼ ਹੈ। ਇਸ ਦੇ ਨਾਲ ਹੀ ਚਿੱਟੇ ਦੀ ਤਸਕਰੀ ਦਾ ਵੀ ਦੋਸ਼ ਹੈ। ਇਸ ਮਗਰੋਂ ਗੁਰਵਿੰਦਰ ਸ਼ਰਮਾ ਨੇ ਬਠਿੰਡਾ ਸ਼ਹਿਰੀ ਦੇ ਡੀਐਸਪੀ ਵਿਸ਼ਵਜੀਤ ਸਿੰਘ ਨੂੰ ਸੂਚਿਤ ਕੀਤਾ। ਉਸ ਤੋਂ ਸੂਚਨਾ ਮਿਲਣ ‘ਤੇ ਐੱਸਐੱਸਪੀ ਬਠਿੰਡਾ ਜੇ. ਐਲਨਚੇਲੀਅਨ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਸੀਆਈਏ ਸਟਾਫ਼ ਦੇ ਤਰਜਿੰਦਰ ਸਿੰਘ ਨੂੰ ਸੌਂਪੀ।
ਸੀਆਈਏ ਸਟਾਫ਼ ਨੇ ਸਭ ਤੋਂ ਪਹਿਲਾਂ ਮੁਲਜ਼ਮ ਔਰਤ ਦੇ ਪੁੱਤਰ ਨੂੰ ਫੜਿਆ। ਉਸਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮਾਂ ਅਤੇ ਭੈਣ ਨੇ ਬੱਚਾ ਚੋਰੀ ਕੀਤਾ ਹੈ। ਉਸ ਨੇ ਦੱਸਿਆ ਕਿ ਪਿੰਡ ਮਲੂਕਾ ਵਿੱਚ ਕਿਰਾਏ ’ਤੇ ਮਕਾਨ ਲੈ ਕੇ ਮੁਲਜ਼ਮ ਨੇ ਬੱਚੇ ਨੂੰ ਉਥੇ ਛੁਪਾ ਲਿਆ। ਇਸ ਤੋਂ ਬਾਅਦ ਪੁਲਿਸ ਨੇ ਉੱਥੇ ਛਾਪਾ ਮਾਰ ਕੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ।
ਜ਼ਿਕਰਯੋਗ ਹੈ ਕਿ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਬਬਲੀ ਨੇ 1 ਦਸੰਬਰ ਨੂੰ ਬੱਚੇ ਨੂੰ ਜਨਮ ਦਿੱਤਾ ਸੀ। ਉਦੋਂ ਤੋਂ ਉਹ ਹਸਪਤਾਲ ‘ਚ ਭਰਤੀ ਸੀ। ਐਤਵਾਰ ਨੂੰ ਦੋਵੇਂ ਦੋਸ਼ੀ ਔਰਤਾਂ ਉਸ ਦੇ ਬੈੱਡ ਦੇ ਕੋਲ ਪਹੁੰਚੀਆਂ ਅਤੇ ਡਾਕਟਰ ਨੂੰ ਹੇਠਾਂ ਦਿਖਾਉਣ ਦੇ ਬਹਾਨੇ ਬੱਚੇ ਨੂੰ ਲੈ ਕੇ ਫਰਾਰ ਹੋ ਗਈਆਂ ਸਨ।