ਨਵੀਂ ਦਿੱਲੀ, 7 ਦਸੰਬਰ 2022 – ਦਿੱਲੀ ਨਗਰ ਨਿਗਮ (ਐਮਸੀਡੀ) ਵਿੱਚ ਪਿਛਲੇ 15 ਸਾਲਾਂ ਤੋਂ ਰਾਜ ਕਰ ਰਹੀ ਭਾਜਪਾ ਦਾ ਸਫਾਇਆ ਹੋ ਗਿਆ ਹੈ। ਇੱਥੇ ਆਮ ਆਦਮੀ ਪਾਰਟੀ (ਆਪ) ਨੇ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ। ਰਾਜ ਚੋਣ ਕਮਿਸ਼ਨ ਮੁਤਾਬਕ 250 ਸੀਟਾਂ ਵਾਲੀ ਐਮਸੀਡੀ ਵਿੱਚ ‘ਆਪ’ ਨੂੰ 134 ਸੀਟਾਂ ਮਿਲੀਆਂ ਹਨ, ਜੋ ਬਹੁਮਤ ਤੋਂ 8 ਵੱਧ ਹਨ। ਦੂਜੇ ਪਾਸੇ ਭਾਜਪਾ ਨੇ 104, ਕਾਂਗਰਸ ਨੇ 9 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ।
ਅਰਵਿੰਦ ਕੇਜਰੀਵਾਲ ਨੇ MCD ‘ਚ ‘ਆਪ’ ਦੀ ਜਿੱਤ ‘ਤੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਪਾਰਟੀ ਦਫ਼ਤਰ ‘ਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਦਿੱਲੀ ਦੀ ਸਫ਼ਾਈ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਜ਼ਿੰਮੇਵਾਰੀ ਆਪਣੇ ਪੁੱਤਰ ਤੇ ਭਰਾ ਨੂੰ ਸੌਂਪੀ ਹੈ। ਸਾਨੂੰ ਕੇਂਦਰ ਸਰਕਾਰ ਦੇ ਸਹਿਯੋਗ ਦੀ ਵੀ ਲੋੜ ਹੈ। ਪ੍ਰਧਾਨ ਮੰਤਰੀ ਦੇ ਆਸ਼ੀਰਵਾਦ ਦੀ ਵੀ ਲੋੜ ਹੈ।
ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਸਿੰਘ ਨੇ ਕਿਹਾ- ਅਰਵਿੰਦ ਕੇਜਰੀਵਾਲ ਪੱਕੇ ਇਮਾਨਦਾਰ ਹਨ, ਲੋਕਾਂ ਨੇ ਇਮਾਨਦਾਰਾਂ ਨੂੰ ਜਿਤਾਇਆ ਹੈ। ਭਾਜਪਾ ਦੇ ਕਿਲੇ ਨੂੰ ਢਾਹ ਲਾਉਣ ਦਾ ਕੰਮ ਕੇਜਰੀਵਾਲ ਨੇ ਕੀਤਾ। ਭਾਜਪਾ ਹੁਣ ਵੀ ਕਹਿ ਰਹੀ ਹੈ ਕਿ ਮੇਅਰ ਸਾਡਾ ਹੀ ਹੋਵੇਗਾ, ਜਦਕਿ ਉਨ੍ਹਾਂ ਕੋਲ 20-25 ਸੀਟਾਂ ਘੱਟ ਹਨ। ਭਾਜਪਾ ਇੱਕ ਖੋਖਲੀ ਪਾਰਟੀ ਹੈ। ਦਿੱਲੀ ਦਾ ਮੇਅਰ ਵੀ ਸਾਡਾ ਹੀ ਹੋਵੇਗਾ। ਮੈਂ ਭਾਜਪਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਦੇ ਲੋਕਾਂ ਨੇ ਦਿੱਲੀ ਵਿੱਚ 17 ਕੇਂਦਰੀ ਮੰਤਰੀ ਅਤੇ 8 ਮੁੱਖ ਮੰਤਰੀ ਨਿਯੁਕਤ ਕੀਤੇ ਹਨ, ਫਿਰ ਵੀ ਜਨਤਾ ਨੇ ਕੇਜਰੀਵਾਲ ਨੂੰ ਜਿਤਾਇਆ ਹੈ। ਇਹ ਇੱਕ ਵੱਡੀ ਜਿੱਤ ਹੈ।