ਹਿਮਾਚਲ ਪ੍ਰਦੇਸ਼, 8 ਦਸੰਬਰ 2022 – ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੋਸਟਲ ਬੈਲਟ ਦੇ ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ ਪਹਿਲੇ ਨੰਬਰ ‘ਤੇ ਰਹੀ, ਪਾਰਟੀ 36 ਸੀਟਾਂ ‘ਤੇ ਅੱਗੇ ਹੈ। ਭਾਜਪਾ ਨੂੰ 30 ਸੀਟਾਂ ‘ਤੇ ਬੜ੍ਹਤ ਮਿਲੀ ਹੈ। ਇਸ ਦੇ ਨਾਲ ਹੀ ‘ਆਪ’ ਅਜੇ ਤੱਕ ਖਾਤਾ ਵੀ ਨਹੀਂ ਖੋਲ੍ਹ ਸਕੀ ਹੈ। ਕੀ ਸੂਬੇ ‘ਚ 37 ਸਾਲ ਪੁਰਾਣੀ ਰਵਾਇਤ ਜਾਰੀ ਰਹੇਗੀ ਜਾਂ ਨਵਾਂ ਇਤਿਹਾਸ ਰਚਿਆ ਜਾਵੇਗਾ, ਇਹ ਅੱਜ ਦੁਪਹਿਰ ਤੱਕ ਸਪੱਸ਼ਟ ਹੋ ਜਾਵੇਗਾ। ਹਿਮਾਚਲ ਵਿੱਚ 12 ਨਵੰਬਰ ਨੂੰ ਵੋਟਿੰਗ ਹੋਈ ਸੀ।
1985 ਤੋਂ ਬਾਅਦ ਸੂਬੇ ਵਿੱਚ ਕੋਈ ਵੀ ਪਾਰਟੀ ਆਪਣੀ ਸਰਕਾਰ ਨਹੀਂ ਬਣਾ ਸਕੀ। ਉਦੋਂ ਕਾਂਗਰਸ ਦੀ ਸਰਕਾਰ ਸੀ ਅਤੇ ਵੀਰਭੱਦਰ ਸਿੰਘ ਮੁੱਖ ਮੰਤਰੀ ਸਨ। ਇਸ ਵਾਰ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਪਹਾੜ ‘ਤੇ ਸਰਕਾਰ ਬਦਲਣ ਦਾ ਰੁਝਾਨ ਜਾਰੀ ਰਹੇਗਾ ਜਾਂ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਦੀ ਮਦਦ ਨਾਲ ਇਸ ਰਿਵਾਜ਼ ਨੂੰ ਬਦਲ ਸਕੇਗੀ।