ਨਕੋਦਰ, 8 ਦਸੰਬਰ 2022 -ਨਕੋਦਰ ‘ਚ 30 ਲੱਖ ਦੀ ਫਿਰੌਤੀ ਨਾ ਦੇਣ ‘ਤੇ ਇਕ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕੱਪੜਾ ਕਾਰੋਬਾਰੀ ਦੀ ਸੁਰੱਖਿਆ ‘ਚ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਮਾਰੀ ਗਈ ਹੈ। ਹਾਲਾਂਕਿ ਗੋਲੀ ਲੱਗਣ ਕਾਰਨ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਨਕੋਦਰ ਤੋਂ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ 37 ਦਿਨ ਪਹਿਲਾਂ 1 ਨਵੰਬਰ ਨੂੰ ਗੈਂਗਸਟਰਾਂ ਨੇ ਕੱਪੜਾ ਵਪਾਰੀ ਨੂੰ ਫੋਨ ਕਰਕੇ ਸੋਸ਼ਲ ਮੀਡੀਆ ਰਾਹੀਂ 30 ਲੱਖ ਦੀ ਫਿਰੌਤੀ ਮੰਗੀ ਸੀ। ਇਸ ਤੋਂ ਬਾਅਦ ਕਾਰੋਬਾਰੀ ਨੂੰ ਸਰਕਾਰੀ ਗੰਨਮੈਨ ਦਿੱਤਾ ਗਿਆ। ਕਾਤਲਾਂ ਦੀ ਗਿਣਤੀ 3 ਤੋਂ 4 ਦੱਸੀ ਜਾ ਰਹੀ ਹੈ।
ਜਲੰਧਰ ਰੇਂਜ ਦੇ ਆਈਜੀ ਗੁਰਸ਼ਰਨ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਉਨ੍ਹਾਂ ਮੰਨਿਆ ਕਿ ਕੱਪੜਾ ਕਾਰੋਬਾਰੀ ਭੁਪਿੰਦਰ ਸਿੰਘ ਨੂੰ ਦੋ ਪੁਲੀਸ ਸੁਰੱਖਿਆ ਮੁਲਾਜ਼ਮ ਵੀ ਦਿੱਤੇ ਗਏ ਸਨ। ਹਾਲਾਂਕਿ ਇਹ ਦਰਦਨਾਕ ਘਟਨਾ ਕਿਵੇਂ ਵਾਪਰੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਥਿਆਰਾਂ ਦੀ ਵੀ ਜਾਂਚ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਅਤੇ ਦੁਕਾਨਦਾਰ ਇਕੱਠੇ ਹੋ ਗਏ। ਟਿੰਮੀ ਦੇ ਕਤਲ ਦੇ ਵਿਰੋਧ ਵਿੱਚ ਦੁਕਾਨਦਾਰਾਂ ਨੇ ਦਿੱਤਾ ਬੰਦ ਦਾ ਸੱਦਾ। ਇਸ ਦੌਰਾਨ ਵਪਾਰੀ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਆਦਿਤਿਆ ਭਟਾਰਾ ਨੇ ਬੰਦ ਦੀ ਹਮਾਇਤ ਕੀਤੀ।