- ਬਰਾੜ ਅੱਜ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਅੱਗੇ ਨਹੀਂ ਹੋਏ ਪੇਸ਼
ਚੰਡੀਗੜ੍ਹ, 10 ਦਸੰਬਰ 2022 – ਅਕਾਲੀ ਆਗੂ ਜਗਮੀਤ ਬਰਾੜ ਅੱਜ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਨਹੀਂ ਹੋਏ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕੀਤਾ ਹੈ। ਅਨੁਸ਼ਾਸਨੀ ਕਮੇਟੀ ਨੇ ਜਗਮੀਤ ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰਦਿਆਂ ਪਾਰਟੀ ‘ਚੋਂ 6 ਸਾਲਾਂ ਲਈ ਬਾਹਰ ਕੱਢ ਦਿੱਤਾ ਹੈ। ਇਹ ਐਲਾਨ ਅਨੁਸ਼ਾਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਅੱਜ ਦੁਪਹਿਰ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਇਸ ਤੋਂ ਪਹਿਲਾਂ ਅਨੁਸ਼ਾਸਨੀ ਕਮੇਟੀ ਉਹਨਾਂ ਦੀ 12.30 ਵਜੇ ਤੋਂ 3.00 ਵਜੇ ਤੱਕ ਉਡੀਕ ਕਰਦੀ ਰਹੀ। ਅਨੁਸ਼ਾਸਨੀ ਕਮੇਟੀ ਨੇ ਕਿਹਾ ਹੈ ਕਿ ਜਗਮੀਤ ਬਰਾੜ ਜਾਣ ਬੁੱਝ ਕੇ ਕਮੇਟੀ ਅੱਗੇ ਪੇਸ਼ ਨਹੀਂ ਹੋਏ
ਅਕਾਲੀ ਦਲ ਵਲੋਂ ਜਗਮੀਤ ਬਰਾੜ ਨੂੰ 6 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਪਰ ਜਗਮੀਤ ਬਰਾੜ ਨੇ ਅੱਜ 10 ਦਸੰਬਰ ਨੂੰ ਪੇਸ਼ ਹੋਣ ਲਈ ਸਮਾਂ ਮੰਗਿਆ ਸੀ। ਜਿਸ ਨੂੰ ਅਕਾਲੀ ਦਲ ਵੱਲੋਂ ਪ੍ਰਵਾਨ ਵੀ ਕਰ ਲਿਆ ਗਿਆ ਸੀ।
ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਅੱਜ ਪਾਰਟੀ ਦੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਾਲੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਆਏ ਹੀ ਨਹੀਂ। ਉਧਰ ਅਕਾਲੀ ਦਲ ਦਫਤਰ ਵਿਚ ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ ਤੇ ਹੋਰ ਕਮੇਟੀ ਮੈਂਬਰ ਬਰਾੜ ਨੂੰ ਉਡੀਕਦੇ ਰਹੇ।
ਮਿਲ ਰਹੀ ਜਾਣਕਾਰੀ ਅਨੁਸਾਰ ਹੁਣ ਜਗਮੀਤ ਸਿੰਘ ਬਰਾੜ ਨੇ ਅਨੁਸ਼ਾਸਨੀ ਕਮੇਟੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਂ ’ਤੇ ਦੋ ਚਿੱਠੀਆਂ ਭੇਜ ਦਿੱਤੀਆਂ ਪਰ ਆਪ ਪੇਸ਼ ਨਹੀਂ ਹੋਏ।