- ਪੁੱਛਗਿੱਛ ਤੋਂ ਬਾਅਦ ਇਕ ਹੋਰ ਗ੍ਰਿਫਤਾਰ
ਅੰਮ੍ਰਿਤਸਰ, 13 ਦਸੰਬਰ 2022 – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਜਾਂਦੇ ਸਮੇਂ ਇੱਕ ਮਹਿਲਾ ਤਸਕਰ ਨੂੰ ਸੀਆਈਐਸਐਫ ਨੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮਹਿਲਾ ਦੀ ਸੂਹ ‘ਤੇ ਕਸਟਮ ਵਿਭਾਗ ਨੇ ਤਸਕਰੀ ਕਰਨ ਵਾਲੇ ਗਰੋਹ ਦੇ ਮੁਖੀ ਨੂੰ ਵੀ ਕਾਬੂ ਕੀਤਾ ਹੈ। ਕਸਟਮ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋਵਾਂ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਕਸਟਮ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਫੜੀ ਗਈ ਔਰਤ ਏਅਰ ਇੰਡੀਆ ਦੀ ਫਲਾਈਟ ਨੰਬਰ IX-191 ਅੰਮ੍ਰਿਤਸਰ ਤੋਂ ਦੁਬਈ ਜਾਣ ਦੀ ਤਿਆਰੀ ਕਰ ਰਹੀ ਸੀ ਪਰ ਸੀਆਈਐਸਐਫ ਦੇ ਮੁਲਾਜ਼ਮਾਂ ਨੂੰ ਉਸ ’ਤੇ ਸ਼ੱਕ ਹੋ ਗਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਲੱਕ ‘ਤੇ ਬੰਨ੍ਹੇ ਬੈਗ ‘ਚੋਂ 18.18 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ। ਜਿਸ ਵਿੱਚ 4.53 ਲੱਖ ਰੁਪਏ ਦੇ ਪੌਂਡ, 7.91 ਲੱਖ ਰੁਪਏ ਦੇ ਆਸਟ੍ਰੇਲੀਅਨ ਡਾਲਰ ਅਤੇ 4.10 ਲੱਖ ਰੁਪਏ ਦੇ ਯੂਰੋ ਸਨ। ਸੀਆਈਐਸਐਫ ਨੇ ਮਹਿਲਾ ਨੂੰ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।
ਜਦੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਮਹਿਲਾ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਗਰੋਹ ਦੇ ਮੁੱਖ ਮੈਂਬਰ ਬਾਰੇ ਜਾਣਕਾਰੀ ਦਿੱਤੀ। ਜਿਸ ਨੂੰ ਕਸਟਮ ਵਿਭਾਗ ਨੇ ਏਅਰਪੋਰਟ ‘ਤੇ ਰੋਕ ਲਿਆ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਸਟਮ ਵਿਭਾਗ ਨੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਦੋਵਾਂ ਮੁਲਜ਼ਮਾਂ ਨੇ ਦੱਸਿਆ ਕਿ ਦੋਵੇਂ ਤਸਕਰੀ ਕਰਨ ਵਾਲੇ ਗਰੋਹ ਦਾ ਹਿੱਸਾ ਹਨ। ਹੁਣ ਤੱਕ ਦੋਵੇਂ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ 2.05 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਅਤੇ ਕਰੀਬ 5 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਕਰ ਚੁੱਕੇ ਹਨ।