ਗੁਰਦਾਸਪੁਰ,14 ਦਸੰਬਰ 2022 : ਸ਼ਿਵ ਸੈਨਾ ਬਾਲਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ ਨੂੰ ਅਦਾਲਤ ਵੱਲੋਂ ਅੱਜ ਜ਼ਮਾਨਤ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਸੋਨੀ ਵੱਲੋਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ 5 ਨਵੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਬਾਰੇ ਇਕ ਵਿਵਾਦਿਤ ਬਿਆਨ ਦੇਣ ਕਾਰਨ ਸਿੱਖ ਜੱਥੇਬੰਦੀਆਂ ਦੇ ਰੋਸ ਪ੍ਰਦਰਸ਼ਨ ਤੋਂ ਬਾਅਦ 16 ਨਵੰਬਰ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਸੋਨੀ ਦੇ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ ਸੀ ਅਤੇ 19 ਨਵੰਬਰ ਨੂੰ ਉਸ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ।
ਗ੍ਰਿਫਤਾਰੀ ਤੋਂ ਬਾਅਦ ਸੋਨੀ ਨੂੰ ਗੁਰਦਾਸਪੁਰ ਸੈਂਟਰਲ ਜੇਲ੍ਹ ਭੇਜਿਆ ਗਿਆ ਪਰ ਉਥੇ ਬੰਦ ਕੁਝ ਕੈਦੀਆਂ ਵੱਲੋਂ ਸੋਨੀ ਦੇ ਖਿਲਾਫ਼ ਨਾਅਰੇਵਾਜ਼ੀ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਉਸ ਨੂੰ ਮਾਨਸਾ ਜੇਲ੍ਹ ਤਬਦੀਲ ਕਰ ਦਿੱਤਾ ਗਿਆ ਸੀ। 29 ਨਵੰਬਰ ਨੂੰ ਸੋਨੀ ਵੱਲੋਂ ਸੀਜੇਐਮ ਦੀ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਿੱਤੀ ਗਈ ਸੀ ਜਿਸ ਨੂੰ 30 ਨਵੰਬਰ ਨੂੰ ਸੀਜੇਐਮ ਵੱਲੋਂ ਨਾਮੰਜ਼ੂਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੋਨੀ ਨੇ ਆਪਣੇ ਵਕੀਲ ਦੇ ਮਾਧਿਅਮ ਨਾਲ ਮਾਨਯੋਗ ਸੈਸ਼ਨ ਜੱਜ ਦੀ ਅਦਾਲਤ ਵਿੱਚ ਅਦਾਲਤ ਦੀ ਅਰਜ਼ੀ ਲਗਾਈ ਸੀ।
ਅੱਜ ਸੈਸ਼ਨ ਜੱਜ ਵੱਲੋਂ ਉਸਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ ਅਤੇ ਲਿਖਿਤ ਆਡਰ ਤਿਆਰ ਹੁੰਦੇ ਹੀ ਇਸ ਦੇ ਕਾਗਜ਼ਾਤ ਮਾਨਸਾ ਜੇਲ੍ਹ ਭੇਜ ਦਿੱਤੇ ਜਾਣਗੇ। ਸੋਨੀ ਦੇ ਅੱਜ ਦੇਰ ਸ਼ਾਮ ਤੱਕ ਸਾਸਿਊਰ ਤੋਂ ਰਿਹਾਅ ਹੋਣ ਦੀ ਉਮੀਦ ਹੈ।