ਲੁਧਿਆਣਾ, 17 ਦਸੰਬਰ 2022 – ਲੁਧਿਆਣਾ ‘ਚ ਨਾਰਵੇ ਤੋਂ ਆਏ ਵਿਦਿਆਰਥੀ ਨਾਲ ਖੋਹ ਕਰਨ ਵਾਲੇ ਮੁਲਜ਼ਮ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਹਨ। ਸੀਆਈਏ-1 ਦੀ ਟੀਮ ਨੇ ਵਿਦੇਸ਼ੀ ਨਾਗਰਿਕ ਦਾ ਮੋਬਾਈਲ ਟਰੇਸ ਕੀਤਾ। ਕਰੀਬ 72 ਘੰਟਿਆਂ ਦੇ ਅੰਦਰ ਹੀ ਖੋਹ ਕਰਨ ਵਾਲਿਆਂ ਨੂੰ ਫੜ ਕੇ ਮੋਬਾਈਲ ਵਿਦੇਸ਼ੀ ਵਿਦਿਆਰਥੀ ਨੂੰ ਸੌਂਪ ਦਿੱਤਾ ਗਿਆ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋ ਸਕਦੇ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਹੁਣ ਤੱਕ ਕਿੰਨੇ ਲੋਕਾਂ ਨਾਲ ਲੁੱਟ ਕਰ ਚੁੱਕੇ ਹਨ।
ਸਾਈਕਲ ‘ਤੇ 22 ਦੇਸ਼ਾਂ ਦੀ ਸੈਰ ਕਰਨ ਤੋਂ ਬਾਅਦ ਅੰਮ੍ਰਿਤਸਰ ਤੋਂ ਲੁਧਿਆਣਾ ਪਹੁੰਚੇ ਐਸਪਿਨ ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ। ਐਸਪਿਨ ਨੇ ਕਿਹਾ ਕਿ ਭਾਰਤੀਆਂ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਪਹਿਲਾਂ ਨਾਲੋਂ ਬਿਹਤਰ ਹੈ। ਪੰਜਾਬ ਪੁਲਿਸ ਨੇ ਉਸ ਨੂੰ ਮਹਿਮਾਨ ਵਜੋਂ ਰੱਖਿਆ। ਜਿੰਨਾ ਚਿਰ ਉਹ ਮਹਾਨਗਰ ਵਿਚ ਰਿਹਾ, ਪੰਜਾਬ ਪੁਲਿਸ ਦੇ ਇਕ ਅਧਿਕਾਰੀ ਨੇ ਉਸ ਦੀ ਬਹੁਤ ਮਦਦ ਕੀਤੀ। ਅੱਜ ਜੇਕਰ ਉਸਦਾ ਮੋਬਾਈਲ I-PHONE10 ਵਾਪਸ ਮਿਲਿਆ ਹੈ ਤਾਂ ਇਹ ਪੰਜਾਬ ਪੁਲਿਸ ਦੀ ਬਦੌਲਤ ਹੀ ਮਿਲਿਆ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਦੀ ਰਹੀ ਹੈ। ਵਿਦੇਸ਼ੀ ਨਾਗਰਿਕ ਸਾਡੇ ਮਹਿਮਾਨ ਹਨ। ਖੋਹ ਕਰਨ ਵਾਲਿਆਂ ‘ਤੇ ਸਖ਼ਤੀ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਚੰਗਾ ਕੰਮ ਕਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਵੀ ਇਨਾਮ ਦਿੱਤੇ ਜਾ ਰਹੇ ਹਨ।