ਚੰਡੀਗੜ੍ਹ, 18 ਦਸੰਬਰ 2022 – ਭਾਜਪਾ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਨਸ਼ੇ ਨੂੰ ਰੋਕਣ ਲਈ ਇੱਕ ਸਲਾਹ ਦਿੱਤੀ ਹੈ। ਸਾਬਕਾ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਰਕਾਰੀ ਜ਼ਮੀਨਾਂ ਅਤੇ ਯੂਨੀਵਰਸਿਟੀਆਂ ਵਿੱਚ ਅਫੀਮ ਅਤੇ ਭੁੱਕੀ ਦੀ ਖੇਤੀ ਹੋਣੀ ਚਾਹੀਦੀ ਹੈ। ਇਹ ਮੰਗ ਪਹਿਲਾਂ ਵੀ ਉਠਾਈ ਜਾ ਚੁੱਕੀ ਹੈ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਨੇ ਵੀ ਇਸ ਦੀ ਵਕਾਲਤ ਕੀਤੀ ਸੀ।
ਸੁਰਜੀਤ ਕੁਮਾਰ ਜਿਆਣੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਆਸਾਨ ਨਹੀਂ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਅਤੇ ਯੂਨੀਵਰਸਿਟੀਆਂ ’ਤੇ ਅਫੀਮ ਦੀ ਖੇਤੀ ਕੀਤੀ ਜਾਵੇ ਤਾਂ ਬਿਹਤਰ ਹੈ। ਇਸ ਲਈ ਲਾਇਸੈਂਸ ਦਿੱਤੇ ਜਾ ਸਕਦੇ ਹਨ। ਪਹਿਲਾਂ ਵੀ ਲੋਕ ਅਫੀਮ ਖਾਂਦੇ ਸਨ ਅਤੇ 90-90 ਸਾਲ ਤੱਕ ਜ਼ਿੰਦਾ ਅਤੇ ਸਿਹਤਮੰਦ ਰਹਿੰਦੇ ਸਨ, ਤਾਂ ਹੁਣ ਉਹ ਅਜਿਹਾ ਕਿਉਂ ਨਹੀਂ ਕਰ ਸਕਦੇ।
ਸੁਰਜੀਤ ਜਿਆਣੀ ਦਾ ਕਹਿਣਾ ਹੈ ਕਿ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਹਰ ਕੋਈ ਨਸ਼ਾ ਨਹੀਂ ਕਰਦਾ। ਇਸ ਲਈ ਨਸ਼ੇ ਦੇ ਆਦੀ ਲੋਕਾਂ ਲਈ ਕਾਰਡ ਬਣਾਏ ਜਾਣੇ ਚਾਹੀਦੇ ਹਨ। ਅਜਿਹੇ ‘ਚ ਪਾਕਿਸਤਾਨ ਜੋ ਡਰੱਗ ਭੇਜ ਰਿਹਾ ਹੈ, ਉਸ ਦੀ ਵਰਤੋਂ ਨੂੰ ਵੀ ਰੋਕਿਆ ਜਾ ਸਕਦਾ ਹੈ।
ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੰਬਰ 2021 ‘ਚ ਅਫੀਮ ਦੀ ਖੇਤੀ ਕਰਨ ਦੀ ਸਲਾਹ ਦਿੱਤੀ ਸੀ ਪਰ ਉਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਸੀ।
ਇਸ ਦੇ ਨਾਲ ਹੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ 2018 ਵਿੱਚ ਪੰਜਾਬ ਵਿੱਚ ਅਫੀਮ ਦੀ ਖੇਤੀ ਹੋਣ ਦੀ ਗੱਲ ਕਹੀ ਸੀ। ਉਦੋਂ ਉਸ ਨੇ ਰਾਜਸਥਾਨ ਦਾ ਹਵਾਲਾ ਦਿੱਤਾ ਸੀ ਕਿ ਉੱਥੇ ਵੀ ਖੇਤੀ ਹੁੰਦੀ ਹੈ। ਪੰਜਾਬ ਵਿੱਚ ਵੀ ਹਰ ਜ਼ਿਮੀਂਦਾਰ ਨੂੰ 1-1 ਏਕੜ ਜ਼ਮੀਨ ’ਤੇ ਅਫੀਮ ਦੀ ਖੇਤੀ ਕਰਨ ਦੀ ਮੰਗ ਕੀਤੀ ਗਈ ਸੀ।