… ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਮੂਹ ਕੌਂਸਲਰਾਂ ਨੂੰ ਪਾਰਟੀ ਵਿੱਚ ਕਰਵਾਇਆ ਸ਼ਾਮਲ
… ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਲੋਕ ਭਲਾਈ ਦੇ ਕੰਮਾਂ ਤੋਂ ਪ੍ਰਭਾਵਿਤ, ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ: ਹਰਚੰਦ ਸਿੰਘ ਬਰਸਟ
ਜਲਾਲਾਬਾਦ/ਚੰਡੀਗੜ੍ਹ, 16 ਸਤੰਬਰ 2022 – ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਬੁੱਧਵਾਰ ਨੂੰ ਨਗਰ ਪੰਚਾਇਤ ਅਰਨੀਵਾਲਾ ਦੇ ਕਈ ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਨਗਰ ਪੰਚਾਇਤ ਅਰਨੀਵਾਲਾ ਦੇ ਵਾਰਡ ਨੰਬਰ-9 ਤੋਂ ਕੌਂਸਲਰ ਹਰਭਜਨ ਦਾਸ (ਮੀਤ ਪ੍ਰਧਾਨ), ਵਾਰਡ ਨੰਬਰ-5 ਤੋਂ ਕੌਂਸਲਰ ਰਾਣੀ, ਵਾਰਡ ਨੰਬਰ-7 ਤੋਂ ਕੌਂਸਲਰ ਸ਼ਿਵ ਭੱਲਾ ਅਤੇ ਇਲਾਕੇ ਦੇ ਸਤਿਕਾਰਤ ਆਗੂ ਅਜੈ ਕੁੱਕੜ ਅੱਜ ਇੱਥੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਲੋਕ ਭਲਾਈ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਵਾਂਗ ਨਗਰ ਨਿਗਮ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਦਰਜ ਕਰੇਗੀ।
ਦੂਜੇ ਪਾਸੇ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਅਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਪਾਰਟੀ ਨਾਲ ਰਲ ਕੇ ਆਪਣੇ ਇਲਾਕੇ ਦੇ ਵਿਕਾਸ ਲਈ ਕੰਮ ਕਰਾਂਗੇ।