ਨਵੀਂ ਦਿੱਲੀ, 22 ਦਸੰਬਰ 2022 – ਚੀਨ ‘ਚ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਭਾਰਤ ‘ਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ। ਸਰਕਾਰ ਵੱਲੋਂ ਲੋਕਾਂ ਨੂੰ ਭੀੜ ਵਿੱਚ ਮਾਸਕ ਪਹਿਨਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਪੀਐਮ ਮੋਦੀ ਅੱਜ ਦੁਪਹਿਰ ਨੂੰ ਕੋਰੋਨਾ ਨੂੰ ਲੈ ਕੇ ਸਮੀਖਿਆ ਬੈਠਕ ਕਰਨਗੇ। ਇਸ ਤੋਂ ਇਲਾਵਾ ਦਿੱਲੀ, ਯੂਪੀ, ਕਰਨਾਟਕ, ਮਹਾਰਾਸ਼ਟਰ ਵਿੱਚ ਵੀ ਐਮਰਜੈਂਸੀ ਮੀਟਿੰਗ ਕੀਤੀ ਜਾਵੇਗੀ। ਇਸ ਦੌਰਾਨ, ਚੰਗੀ ਖ਼ਬਰ ਇਹ ਹੈ ਕਿ ਪੈਰਾਸੀਟਾਮੋਲ, ਅਮੋਕਸੀਸਿਲਿਨ ਅਤੇ ਰੈਬੇਪ੍ਰਾਜ਼ੋਲ ਵਰਗੀਆਂ ਦਵਾਈਆਂ, ਜੋ ਕਿ ਕੋਰੋਨਾ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ ਹਨ, ਦੀਆਂ ਕੀਮਤਾਂ ਹੇਠਾਂ ਆਉਣਗੀਆਂ।
ਬੁੱਧਵਾਰ ਨੂੰ ਸਿਹਤ ਮੰਤਰਾਲੇ ਦੀ ਉੱਚ ਪੱਧਰੀ ਬੈਠਕ ‘ਚ ਮਾਂਡਵੀਆ ਨੇ ਕਿਹਾ ਕਿ ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ ਪਰ ਭਾਰਤ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਅਸੀਂ ਸਾਰੇ ਸੂਬਿਆਂ ਨੂੰ ਚੌਕਸ ਰਹਿਣ ਅਤੇ ਚੌਕਸੀ ਵਧਾਉਣ ਲਈ ਕਿਹਾ ਹੈ। ਸੂਤਰਾਂ ਅਨੁਸਾਰ ਹਵਾਈ ਅੱਡਿਆਂ ‘ਤੇ ਵਿਦੇਸ਼ੀ ਮੁਸਾਫਰਾਂ ਦੀ ਰੈਂਡਮ ਸੈਂਪਲਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਸਤੋਂ ਬਿਨਾਂ ਸੂਬਾ ਸਰਕਾਰਾਂ ਵੀ ਇਸ ਸਬੰਧੀ ਆਪਣੀਆਂ ਤਿਆਰੀਆਂ ਕਰ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕੋਰੋਨਾ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਕਰਨਗੇ। ਮਹਾਰਾਸ਼ਟਰ ਸਰਕਾਰ ਨੇ ਕੋਵਿਡ ਟੈਸਟਾਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕੇਰਲ ਸਰਕਾਰ ਨੇ ਵਾਇਰਸ ਦੇ ਸੰਭਾਵਿਤ ਫੈਲਣ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ।