- 12.5 ਕਰੋੜ ਦੀ ਲਾਗਤ ਨਾਲ ਤਿਆਰ ਯਾਦਗਾਰ ਨੂੰ ਦਿੱਤੀਆਂ ਜਾ ਰਹੀਆਂ ਹਨ ਅੰਤਿਮ ਛੋਹਾਂ
- 05 ਗੈਲਰੀਆਂ ਵਿੱਚ ਭਾਈ ਜੈਤਾ ਜੀ ਦੇ ਸਮੂਚੇ ਜੀਵਨ ਨੂੰ ਦਰਸਾਇਆ ਜਾਵੇਗਾ
- 32 ਟਨ ਵਜਨੀ ਸਟੇਨਲੈੱਸ ਸਟੀਲ ਦਾ ਖੰਡਾ, ਟੈਰਿਸ ਗਾਰਡਨ ਹੋਣਗੇ ਮੁੱਖ ਆਕਰਸ਼ਣ ਦਾ ਕੇਂਦਰ
ਸ਼੍ਰੀ ਅਨੰਦਪੁਰ ਸਾਹਿਬ 22 ਦਸੰਬਰ 2022 – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਅਮੀਰ ਵਿਰਸੇ, ਇਤਿਹਾਸ ਅਤੇ ਕੁਰਬਾਨੀਆਂ ਬਾਰੇ ਜਾਣਕਾਰੀ ਦੇਣ ਲਈ ਉਸਾਰੀਆਂ ਜਾ ਰਹੀਆਂ ਯਾਦਗਾਰਾਂ ਦਾ ਕੰਮ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਕਰ ਰਹੀ ਹੈ। ਮੁੱਖ ਮੰਤਰੀ ਵੱਲੋਂ ਇਸ ਬਾਰੇ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ। ਮਹਾਨ ਸਿੱਖ ਜਰਨੈਲ ਭਾਈ ਜੈਤਾ ਜੀ ਦੇ ਸਮੁਚੇ ਜੀਵਨ ਅਤੇ ਗੁਰੂ ਸਾਹਿਬ ਨਾਲ ਬਿਤਾਏ ਸਮੇਂ ਨੂੰ ਦਰਸਾਉਣ ਦਾ ਉਪਰਾਲਾ ਉਨ੍ਹਾਂ ਦੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਉਸਾਰੀ ਜੀ ਰਹੀ ਯਾਦਗਾਰ ਵਿੱਚ ਕੀਤਾ ਗਿਆ ਹੈ। 12.50 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਭਾਈ ਜੈਤਾ ਜੀ ਦੀ ਯਾਦਗਾਰ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਸ੍ਰੋਮਣੀ ਸ਼ਹੀਦ ਭਾਈ ਜੈਤਾ ਜੀ ਦੀ ਯਾਦਗਾਰ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਰਿਹਾ ਹੈ। ਇਸ ਯਾਦਗਾਰ ਤੇ ਕਰੀਬ 12.50 ਕਰੋੜ ਦੀ ਲਾਗਤ ਆਵੇਗੀ। ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਬੁਲਾਰੇ ਨੇ ਦੱਸਿਆ ਕਿ ਵਿਰਾਸਤ ਏ ਖਾਲਸਾ ਦੇ ਕੰਪਲੈਕਸ ਵਿੱਚ 5 ਏਕੜ ਥਾਂ ਵਿੱਚ ਇਹ ਵਿਲੱਖਣ ਯਾਦਗਾਰ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ। ਇਹ ਯਾਦਗਾਰ ਦੋ ਭਾਗਾ ਵਿੱਚ ਤਿਆਰ ਕੀਤੀ ਗਈ ਹੈ, ਜਿਸ ਵਿੱਚ 32 ਮੀਟਰਕ ਟਨ ਦਾ ਸਟੇਨਲੈਂਸ ਸਟੀਲ ਦਾ ਖੰਡਾ ਸਥਾਪਿਤ ਕੀਤਾ ਗਿਆ ਹੈ। ਭਾਈ ਜੈਤਾ ਜੀ ਦੇ ਸਮੁਚੇ ਜੀਵਨ ਅਤੇ ਗੁਰੂ ਸਾਹਿਬ ਨਾਲ ਬਿਤਾਏ ਪਲਾਂ ਨੂੰ 05 ਗੈਲਰੀਆਂ ਵਿੱਚ ਦਰਸਾਇਆ ਜਾ ਰਿਹਾ ਹੈ। ਇਸ ਯਾਦਗਾਰ ਵਿੱਚ 02 ਟੈਰਿਸ ਗਾਰਡਨ ਬਣਾਏ ਗਏ ਹਨ। ਇਸ ਯਾਦਗਰ ਵਿੱਚ ਧੋਲਪੁਰ ਦਾ ਪੱਥਰ ਲਗਾ ਕੇ ਕਲੈਡਿੰਗ ਕੀਤੀ ਗਈ ਹੈ। ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਰਾਂ ਵਲੋਂ ਡੀਜਾਈਨ ਤਿਆਰ ਕੀਤੇ ਗਏ ਹਨ, ਜਿਸ ਦੀ ਮਹੀਨ ਕਾਰੀਗਰੀ ਅਤੇ ਸੁੰਦਰਤਾ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇਗੀ। ਇਸ ਯਾਦਗਾਰ ਵਿੱਚ ਆਧੁਨਿਕ ਤਕਨਾਲੋਜੀ ਨਾਲ ਗੈਲਰੀਆਂ ਦਾ ਨਿਰਮਾਣ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਵਿਰਾਸਤ-ਏ-ਖਾਲਸਾ ਦੇਖਣ ਲਈ ਰੋਜ਼ਾਨਾਂ ਹਜ਼ਾਰਾ ਸ਼ਰਧਾਲੂ/ਸੈਲਾਨੀ ਸ਼੍ਰੀ ਅਨੰਦਪੁਰ ਸਾਹਿਬ ਆਉਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹਿਲੀ ਵਾਰ ਭਾਈ ਜੈਤਾ ਜੀ ਦੀ ਯਾਦਗਾਰ ਉਸਾਰੀ ਜਾ ਰਹੀ ਹੈ, ਜੋ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇਗੀ ਅਤੇ ਇੱਥੇ ਵੱਡੀ ਗਿਣਤੀ ਸੰਗਤਾਂ ਪਹੁੰਚਣਗੀਆਂ। ਇਸ ਨਾਲ ਵਪਾਰ ਤੇ ਕਾਰੋਬਾਰ ਦੀਆਂ ਹੋਰ ਸੰਭਾਵਨਾਵਾਂ ਵੀ ਵੱਧਣਗੀਆਂ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨ ਪੀੜ੍ਹੀ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਉਸਾਰੀਆਂ ਜਾ ਰਹੀਆਂ ਯਾਦਗਾਰਾਂ ਦੀ ਕੰਮ ਵਿੱਚ ਤੇਜੀ ਲਿਆ ਕੇ ਇਨ੍ਹਾਂ ਨੂੰ ਜਲਦੀ ਸੰਗਤਾ ਲਈ ਖੋਲਣ ਦਾ ਐਲਾਨ ਕੀਤਾ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੈਰ ਸਪਾਟਾ ਵਿਭਾਗ ਵੱਲੋਂ ਅਜਿਹੀਆਂ ਯਾਦਗਾਰਾਂ, ਪਾਰਕ ਅਤੇ ਹੋਰ ਵਿਰਾਸਤਾਂ ਨੂੰ ਮੁਕੰਮਲ ਕਰਨ, ਨਵੀਨੀਕਰਨ ਅਤੇ ਸੁੰਦਰਤਾ ਲਈ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਅਗਲੇ ਕੁਝ ਦਿਨਾਂ ਵਿੱਚ ਭਾਈ ਜੈਤਾ ਜੀ ਦੀ ਯਾਦਗਾਰ ਮੁਕੰਮਲ ਕਰਕੇ ਸੰਗਤਾਂ ਅਤੇ ਸੈਲਾਨੀਆਂ ਲਈ ਲੋਕ ਅਰਪਣ ਕੀਤੀ ਜਾਵੇਗੀ।