ਚੰਡੀਗੜ੍ਹ, 23 ਦਸੰਬਰ 2022 – ਚੰਡੀਗੜ੍ਹ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਜਾਅਲੀ ਦਸਤਾਵੇਜ਼ਾਂ ਨਾਲ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਵਾਲੇ ਅੱਠ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹੁਣ ਉਨ੍ਹਾਂ ਦੇ ਸਹਾਇਕਾਂ ਖ਼ਿਲਾਫ਼ ਵੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ, ਜੋ ਪਤਾ ਲਗਾਉਣਗੀਆਂ ਕਿ ਕਿਹੜੇ-ਕਿਹੜੇ ਵਿਭਾਗ ਦੇ ਕਰਮਚਾਰੀ ਜਾਅਲੀ ਦਸਤਾਵੇਜ਼ਾਂ ਨਾਲ ਪਾਸਪੋਰਟ ਬਣਾਉਣ ਵਿਚ ਸ਼ਾਮਲ ਸਨ। ਇਹ ਟੀਮਾਂ ਪਾਸਪੋਰਟ ਅਰਜ਼ੀਆਂ ਦੀ ਪੜਤਾਲ ਕਰਨਗੀਆਂ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਐੱਸਐੱਸਓਸੀ ਵੱਲੋਂ ਜਿਨ੍ਹਾਂ ਅੱਠ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਅਤਿਵਾਦੀ ਲਖਵੀਰ ਸਿੰਘ ਲੰਡਾ ਦਾ ਸਾਥੀ ਗੁਰਦਾਸਪੁਰ ਦੇ ਚੱਠਾ ਪਿੰਡ ਦਾ ਸੁਪ੍ਰੀਤ ਸਿੰਘ ਉਰਫ਼ ਹੈਰੀ ਚੱਠਾ, ਗੁਰਦਾਸਪੁਰ ਦਾ ਪਵਿੱਤਰ ਸਿੰਘ, ਤਰਨਤਾਰਨ ਦੇ ਪਿੰਡ ਹਵੇਲੀਆਂ ਦਾ ਗੁਰਜੰਟ ਸਿੰਘ ਭੋਲੂ, ਪਿੰਡ ਭੁੱਚਰ ਦਾ ਰਛਪਾਲ ਸਿੰਘ ਦਾਣਾ ਸ਼ਾਮਲ ਹਨ। , ਦਿਆਲ ਪਿੰਡ ਦੇ ਕੇਂਦਰਬੀਰ ਸਿੰਘ ਸੰਨੀ, ਪਿੰਡ ਚੰਬਲ ਦੇ ਮਨਪ੍ਰੀਤ ਸਿੰਘ ਮੰਨਾ, ਗੁਰਦੇਵ ਸਿੰਘ ਜੈਮਲ ਅਤੇ ਪੱਟੀ ਦੇ ਬਰਿੰਦਰ ਸਿੰਘ ਰਾਉ ਸ਼ਾਮਲ ਹਨ।
ਇਨ੍ਹਾਂ ‘ਚੋਂ ਜ਼ਿਆਦਾਤਰ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਦਰਜ ਹਨ। ਐਸਐਸਓਸੀ ਨੂੰ ਜਾਣਕਾਰੀ ਹੈ ਕਿ ਪਾਸਪੋਰਟ ਦਫ਼ਤਰ, ਸੇਵਾ ਕੇਂਦਰ ਦੇ ਮੁਲਾਜ਼ਮਾਂ ਤੋਂ ਇਲਾਵਾ ਪੰਜਾਬ ਪੁਲੀਸ ਦੇ ਕੁਝ ਲੋਕ ਵੀ ਜਾਅਲੀ ਪਾਸਪੋਰਟ ਬਣਾਉਣ ਵਿੱਚ ਮੁਲਜ਼ਮਾਂ ਦੀ ਮਦਦ ਕਰ ਰਹੇ ਸਨ। ਹੁਣ ਟੀਮ ਇਸ ਸਭ ਦੀ ਲਪੇਟ ਵਿੱਚ ਆ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਅਤੇ ਭਤੀਜਾ ਸਚਿਨ ਥਾਪਨ ਵੀ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਚੁੱਕੇ ਹਨ। ਪੰਜ ਏ ਕੈਟਾਗਰੀ ਦੇ ਗੈਂਗਸਟਰ ਵੀ ਲੰਬੇ ਸਮੇਂ ਤੋਂ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਬੈਠੇ ਹਨ।
ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦੂਜੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਸ ਵਿੱਚ ਸੱਤ ਮੁਲਜ਼ਮਾਂ ਦੀਪਕ ਮੁੰਡੀ, ਰਜਿੰਦਰ ਜੋਕਰ, ਕਪਿਲ ਪੰਡਿਤ, ਬਿੱਟੂ, ਮਨਪ੍ਰੀਤ ਤੂਫ਼ਾਨ, ਮਨੀ ਰਈਆ ਅਤੇ ਜਗਤਾਰ ਸਿੰਘ ਮੂਸੇ ਦੇ ਚਲਾਨ ਪੇਸ਼ ਕੀਤੇ ਗਏ ਹਨ। ਮਾਨਸਾ ਪੁਲੀਸ ਨੇ ਇਸ ਮਾਮਲੇ ਵਿੱਚ ਹੁਣ ਤੱਕ 31 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਦੇ ਨਾਲ ਹੀ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ‘ਚ 11 ਲੋਕਾਂ ਖਿਲਾਫ ਚਲਾਨ ਪੇਸ਼ ਕੀਤਾ ਗਿਆ ਹੈ।