- ਮਨੁੱਖ ਦੇ ਵਿਕਾਸ ਵਿੱਚ ਕਲਾ ਦੀ ਭੂਮਿਕਾ ਅਹਿਮ- ਜਸਟਿਸ ਵਿਨੋਦ ਕੁਮਾਰ ਸ਼ਰਮਾ
ਚੰਡੀਗੜ੍ਹ, 22 ਦਸੰਬਰ 2022 – ਪੰਜਾਬ ਦੇ ਲੋਕਪਾਲ ਜਸਟਿਸ (ਸੇਵਾਮੁਕਤ) ਵਿਨੋਦ ਕੁਮਾਰ ਸ਼ਰਮਾ ਨੇ ਕਲਾ ਦੇ ਉੱਚਤਮ ਮਾਪਦੰਡ ਅਪਨਾਉਣ ਅਤੇ ਲੋਕਾਂ ਨੂੰ ਮਿਆਰੀ ਕਲਾ ਮੁਹੱਈਆ ਕਰਵਾਉਣ ਦੀ ਕਲਾਕਾਰਾਂ ਨੂੰ ਅਪੀਲ ਕੀਤੀ ਹੈ ਤਾਂ ਜੋ ਲੋਕਾਂ ਦੇ ਬੌਧਿਕ ਪੱਧਰ ਨੂੰ ਹੋਰ ਉੱਚ ਉਠਾਇਆ ਜਾ ਸਕੇ।
ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸਰਗਮ ਸੋਸਾਇਟੀ ਆਫ ਇੰਡੀਅਨ ਮਿਊਜਕਿ ਐਂਡ ਆਰਟ (ਰਜਿ.) ਅਤੇ ਆਰੀਅਨਜ ਗਰੁੱਪ ਆਫ ਕਾਲਜਿਜ ਵੱਲੋਂ ਬੀਤੀ ਸ਼ਾਮ ਪੰਜਾਬ ਕਲਾ ਭਵਨ ਵਿੱਚ ਇੱਕ ਸੰਗੀਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਜਸਟਿਸ ਸ਼ਰਮਾ ਨੇ ਕਿਹਾ ਕਿ ਮਨੁੱਖ ਦਾ ਸਾਹਿਤ ਅਤੇ ਕਲਾ ਨਾਲ ਅਨਿੱੜਵਾਂ ਰਿਸ਼ਤਾ ਹੈ ਅਤੇ ਇਹ ਮਨੁੱਖ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਕਰਕੇ ਆਵਾਮ ਨੂੰ ਉਚਤਮ ਕਲਾਕ੍ਰਿਤਾ ਮੁਹੱਈਆ ਕਰਵਾਉਣ ਦੇ ਵਾਸਤੇ ਸਾਹਿਤਕਾਰਾਂ ਅਤੇ ਕਲਾਕਾਰਾਂ ਦੀ ਜ਼ਿੰਮੇਂਵਾਰੀ ਹੋਰ ਵੀ ਵਧ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਹ ਇੱਕ ਉੱਤਮ ਭਾਸ਼ਣਕਾਰ ਸਨ ਜਿਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਲਈ ਵੀ ਯਾਦ ਕੀਤਾ ਜਾਂਦਾ ਹੈ।
ਐਡਵੋਕੇਟ ਸਤਿਆ ਪਾਲ ਜੈਨ ਨੇ ਸਰਗਮ ਸੋਸਾਇਟੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਅਟਲ ਜੀ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤ ਨੂੰ ਮਜ਼ਬੂਤ ਅਤੇ ਵਿਕਸਤ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਇਸ ਮੌਕੇ ਤਿੰਨ ਗਾਇਕਾਂ ਨੇ ਅਟਲ ਜੀ ਦੀ ਯਾਦ ਵਿੱਚ ਕਵਿਤਾਵਾਂ ਸੁਣਾਈਆਂ।
ਇਸ ਮੌਕੇ ਐਡਵੋਕੇਟ ਸੱਤਿਆ ਪਾਲ ਜੈਨ, ਵਧੀਕ ਸਾਲਿਸਟਰ ਜਨਰਲ, ਭਾਰਤ ਸਰਕਾਰ, ਸ੍ਰੀਮਤੀ ਸ਼ਸ਼ੀ ਪ੍ਰਭਾ, ਏ.ਡੀ.ਜੀ.ਪੀ., ਪੰਜਾਬ ਅਤੇ ਸ੍ਰੀ ਐਸ.ਕੇ ਪਾਨੀਗ੍ਰਹੀ, ਫੀਲਡ ਜਨਰਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਡਾ: ਅੰਸੂ ਕਟਾਰੀਆ, ਪ੍ਰਧਾਨ, ਸਰਗਮ ਸੁਸਾਇਟੀ ਅਤੇ ਚੇਅਰਮੈਨ, ਆਰੀਅਨਜ ਗਰੁੱਪ ਆਫ ਕਾਲਜਿਜ, ਰਾਜਪੁਰਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਡਾ: ਅੰਸੂ ਕਟਾਰੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ।