- ਸੰਗਰੂਰ ਦੇ ਪਿੰਡ ਵਾਸੀਆਂ ਦਾ ਚੰਗਾ ਉਪਰਾਲਾ
- 1 ਜਨਵਰੀ ਤੋਂ ਦੁਕਾਨਾਂ ‘ਤੇ ਨਹੀਂ ਵਿਕੇਗਾ ਤੰਬਾਕੂ
- ਫੜੇ ਜਾਣ ‘ਤੇ 5 ਹਜ਼ਾਰ ਜੁਰਮਾਨਾ
ਸੰਗਰੂਰ, 25 ਦਸੰਬਰ 2022 – ਸੰਗਰੂਰ ਦੇ ਇੱਕ ਪਿੰਡ ਵਿੱਚ ਨਵੇਂ ਸਾਲ ਤੋਂ ਦੁਕਾਨਾਂ ‘ਤੇ ਤੰਬਾਕੂ ਯੁਕਤ ਉਤਪਾਦਾਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਚਾਇਤ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਪਿੰਡਾਂ ਨੂੰ ਵੀ ਤੰਬਾਕੂ ਯੁਕਤ ਪਦਾਰਥਾਂ ’ਤੇ ਪਾਬੰਦੀ ਲਾਉਣ ਲਈ ਉਪਰਾਲੇ ਕਰਨ ਲਈ ਕਿਹਾ ਹੈ।
ਜਾਣਕਾਰੀ ਅਨੁਸਾਰ ਸੰਗਰੂਰ ਦੇ ਬਲਾਕ ਸੁਨਾਮ ਅਧੀਨ ਆਉਂਦੇ ਪਿੰਡ ਝਾੜੋ ਦੀ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਗ੍ਰਾਮ ਪੰਚਾਇਤ ਨੇ ਸਾਂਝੇ ਤੌਰ ’ਤੇ ਇਸ ਫੈਸਲੇ ਨੂੰ ਲਾਗੂ ਕੀਤਾ ਹੈ। ਇਸ ਫੈਸਲੇ ਅਨੁਸਾਰ 1 ਜਨਵਰੀ ਤੋਂ ਪਿੰਡਾਂ ਦੀਆਂ ਦੁਕਾਨਾਂ ‘ਤੇ ਤੰਬਾਕੂ, ਬੀੜੀ, ਸਿਗਰਟ, ਜ਼ਰਦਾ ਆਦਿ ਵਸਤੂਆਂ ਦੀ ਵਿਕਰੀ ਨਹੀਂ ਹੋਵੇਗੀ।
ਜੇਕਰ ਕੋਈ ਦੁਕਾਨਦਾਰ 1 ਜਨਵਰੀ ਤੋਂ ਬਾਅਦ ਤੰਬਾਕੂ ਵਾਲਾ ਸਮਾਨ ਵੇਚਦਾ ਫੜਿਆ ਗਿਆ ਤਾਂ ਉਸ ਨੂੰ 5,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇੰਨਾ ਹੀ ਨਹੀਂ ਅਗਲੇ 7 ਦਿਨਾਂ ਤੱਕ ਦੁਕਾਨ ਵੀ ਬੰਦ ਰਹੇਗੀ।
ਅਜਿਹੇ ‘ਚ ਨਾ ਸਿਰਫ ਵੇਚਣ ਵਾਲਿਆਂ ‘ਤੇ ਸਗੋਂ ਪੀਣ ਵਾਲੇ ਅਤੇ ਖਾਣ ਵਾਲਿਆਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਪਿੰਡ ਦੀ ਸੜਕ, ਬੱਸ ਸਟੈਂਡ, ਸਕੂਲ ਅਤੇ ਸਾਂਝੀ ਥਾਂ ’ਤੇ ਸਿਗਰਟ ਪੀਣ ਵਾਲਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਨੇ ਕਿਹਾ ਕਿ ਪਿੰਡ ਦਾ ਇਹ ਫੈਸਲਾ ਸ਼ਲਾਘਾਯੋਗ ਹੈ। ਹੋਰ ਪਿੰਡਾਂ ਨੂੰ ਵੀ ਅਜਿਹੇ ਫੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਤੰਬਾਕੂ ਮੁਕਤ ਬਣਾਇਆ ਜਾ ਸਕੇ।