ਲੁਧਿਆਣਾ, 25 ਦਸੰਬਰ 2022 – ਲੁਧਿਆਣਾ ਦੇ ਖੇਤਰ ਦੁੱਗਰੀ ਫੇਜ਼ 3 ਦੀ ਰਹਿਣ ਵਾਲੀ ਇੱਕ ਔਰਤ ਅਤੇ ਉਸਦੇ ਪਤੀ ਨੇ ਇਲਾਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਖਿਲਾਫ ਸੀਪੀ ਦਫਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜੋ ਬੇਜ਼ੁਬਾਨੇ ਜਾਨਵਰਾਂ ‘ਤੇ ਅੱਤਿਆਚਾਰ ਕਰਦਾ ਹੈ। ਔਰਤ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਏ ਹਨ ਕਿ ਇਲਾਕੇ ਦਾ ਵਿਅਕਤੀ ਪਿਛਲੇ ਇੱਕ ਹਫ਼ਤੇ ਵਿੱਚ ਕਰੀਬ 4 ਤੋਂ 5 ਵਾਰ ਬੇਜ਼ੁਬਾਨੇ ਜਾਨਵਰਾਂ ਨੂੰ ਤਸੀਹੇ ਦੇ ਚੁੱਕਾ ਹੈ। ਇਸ ਵਿਅਕਤੀ ਨੇ ਕੁੱਤਿਆਂ ‘ਤੇ ਫਾਇਰਿੰਗ ਵੀ ਕੀਤੀ ਹੈ।
ਸ਼ਿਕਾਇਤ ਦੇਣ ਵਾਲੀ ਮਹਿਲਾ ਨੀਰਜ ਚੰਦੇਲ ਨੇ ਜਾਣਕਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਇਸ ਮੁਲਜ਼ਮ ਖ਼ਿਲਾਫ਼ ਡੀਸੀਪੀ ਨੂੰ ਸ਼ਿਕਾਇਤ ਦਿੱਤੀ ਹੈ। ਦਿਨ-ਦਿਹਾੜੇ ਇਹ ਵਿਅਕਤੀ ਕੁੱਤਿਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ‘ਤੇ ਪਥਰਾਅ ਆਦਿ ਕਰਦਾ ਰਹਿੰਦਾ ਹੈ।
ਔਰਤ ਨੀਰਜ ਚੰਦੇਲ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਲਾਕੇ ‘ਚ ਕੋਈ ਵੀ ਇਸ ਵਿਅਕਤੀ ਵਿਰੁੱਧ ਆਵਾਜ਼ ਨਹੀਂ ਉਠਾਉਂਦਾ, ਲੋਕ ਉਸ ਤੋਂ ਡਰਦੇ ਹਨ। ਮਾਸੂਮਾਂ ਨੂੰ ਇਸ ਤਰ੍ਹਾਂ ਤਸੀਹੇ ਦੇਣਾ ਗਲਤ ਹੈ।
ਨੀਰਜ ਚੰਦੇਲ ਨੇ ਕਿਹਾ ਕਿ ਉਹ ਸ਼ਿਕਾਇਤ ਦੇਣ ਲਈ ਥਾਣੇ ਨਹੀਂ ਗਏ ਕਿਉਂਕਿ ਪੁਲੀਸ ਅਧਿਕਾਰੀ ਮਾਮਲੇ ਨੂੰ ਰਫਾ-ਦਫਾ ਕਰਨ ਵਿੱਚ ਲੱਗੇ ਹੋਏ ਹਨ। ਇਸ ਲਈ ਇਸ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਵਿਅਕਤੀ ਨੇ ਸ਼ਰੇਆਮ ਬੰਦੂਕ ਲੋਡ ਕੀਤੀ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੇ ਬਾਵਜੂਦ ਇਲਾਕਾ ਪੁਲੀਸ ਨੂੰ ਵੀ ਪਤਾ ਨਹੀਂ ਲੱਗ ਰਿਹਾ।
ਔਰਤ ਨੇ ਕਿਹਾ ਕਿ ਸਰਕਾਰ ਨੇ ਬੇਸ਼ੱਕ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਰ ਇਹ ਵਿਅਕਤੀ ਸ਼ਰੇਆਮ ਗੋਲੀਆਂ ਚਲਾ ਕੇ ਹਥਿਆਰਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ। ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਅਤੇ ਐਨੀਮਲ ਐਕਟ ਦੋਵੇਂ ਧਾਰਾਵਾਂ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਏਸੀਪੀ ਵੈਭਵ ਸਹਿਗਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੁੱਗਰੀ ਫੇਜ਼ 3 ਵਿੱਚ ਗੋਲੀ ਚਲਾਉਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੋਲੀ ਕਿਸ ਬੰਦੂਕ ਤੋਂ ਚੱਲੀ ਹੈ।