- ਪੰਜਾਬ ਸਰਕਾਰ ਨੇ ਬਿਜਲੀ ਦੇ ਆਮ ਖ਼ਰਚਿਆਂ ਵਿੱਚ ਭਾਰੀ ਵਾਧਾ ਕਰਕੇ ਪੰਜਾਬ ਦੇ ਲੋਕਾਂ ਨਾਲ ਫਿਰ ਕੀਤਾ ਧੋਖਾ: ਰਾਜੇਸ਼ ਬਾਗਾ
- ਡਰਾਮੇਬਾਜੀ, ਸ਼ੋਸ਼ੇਬਾਜੀ, ਵਿਖਾਵੇਬਾਜੀ ਅਤੇ ਬੇਲੋੜਾ ਖਰਚ ਕਰਨ ਵਿੱਚ ਮਾਹਰ ਹੈ ਪੰਜਾਬ ਸਰਕਾਰI
ਮੋਹਾਲੀ/ਚੰਡੀਗੜ੍ਹ: 25 ਦਸੰਬਰ 2022 – ਪੰਜਾਬ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬਾਗਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤ ਦੇ ਸ਼ਭ ਤੋਂ ਵੱਡੇ ਡਰਾਮੇਬਾਜ, ਸ਼ੋਸ਼ੇਬਾਜ, ਵਿਖਾਵੇਬਾਜ ਅਤੇ ਬੇਲੋੜਾ ਖਰਚ ਕਰਨ ‘ਚ ਮਾਹਰ ਮੁੱਖ ਮੰਤਰੀ ਹਨ। ਇਸ ਦੀ ਤਾਜ਼ਾ ਉਦਾਹਰਨ ਪੰਜਾਬ ਸਰਕਾਰ ਦੇ ਸਕੂਲਾਂ ਦੀ ਮਾਪੇ ਅਧਿਆਪਕ ਮਿਲਣੀ ਹੈ, ਜਿਸਦੇ ਇਸ਼ਤਿਹਾਰਾ ਤੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਖ਼ਰਚੇ ਹਨI
ਰਾਜੇਸ਼ ਬਾਗਾ ਨੇ ਜਾਰੀ ਆਪਣੇ ਪ੍ਰੇਸ ਬਿਆਨ ‘ਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਡਰਾਮੇਬਾਜ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਨਾਲ ਲੈ ਕੇ ਪਟਿਆਲ਼ਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੁੱਜੇ, ਜਿੱਥੇ ਲੜਕੀਆਂ ਆਪਣੇ ਮਾਪਿਆ ਨਾਲ ਘੰਟਿਆਂ ਤੱਕ ਖੜੀਆਂ ਰਹੀਆਂ ਅਤੇ ਆਪਣੇ ਅਧਿਆਪਕਾਂ ਨਾਲ ਵੀ ਮਿਲ ਨਹੀਂ ਸਕੀਆਂI ਮੁੱਖ ਮੰਤਰੀ ਸਾਹਿਬ ਆਪਣੇ ਚਹੇਤੇ ਬੱਚਿਆਂ ਦੇ ਕੁਝ ਚੋਣਵੇਂ ਮਾਪਿਆ ਨੂੰ ਮਿਲਣ ਵਿੱਚ ਹੀ ਮਸਤ ਰਹੇ। ਇਸ ਦੌਰਾਨ ਮਾਪੇ ਅਧਿਆਪਕ ਮਿਲਣੀ ਦਾ ਬੋਰਡ ਵੀ ਅੰਗਰੇਜ਼ੀ ਵਿੱਚ ਹੀ ਲਗਾਇਆ ਗਿਆ ਸੀI ਬਾਗਾ ਨੇ ਸਵਾਲ ਕੀਤਾ ਕਿ ਕਿੱਥੇ ਗਿਆ ਮੁੱਖ ਮੰਤਰੀ ਦਾ ਪੰਜਾਬੀ ਪ੍ਰਤੀ ਪਿਆਰ? ਪੰਜਾਬੀ ਨਾ ਲਿਖਣ ‘ਤੇ ਕਿਸ ‘ਤੇ ਕਾਰਵਾਈ ਕਰਨਗੇ ਮੁੱਖ ਮੰਤਰੀ ਪੰਜਾਬ ?
ਰਾਜੇਸ਼ ਬਾਗਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਪੰਜਾਬੀ ਪ੍ਰਤੀ ਮੋਹ ਸਿਰਫ਼ ਇੱਕ ਨਾਟਕ ਹੈ। ਉਹਨਾਂ ਮੁੱਖ ਮੰਤਰੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਵਿਖਾਵੇਬਾਜੀ ਤੇ ਡਰਾਮਾ ਛੱਡ ਕੇ ਸਕੂਲੀ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਅਤੇ ਸੁਧਾਰਣ ਵੱਲ ਧਿਆਨ ਦੇਣ। ਪੰਜਾਬ ਸਰਕਾਰ ਕੋਲ ਆਪਣੇ ਮੁਲਾਜਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨI ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਜਰੀਵਾਲ ਨੂੰ ਖੁਸ਼ ਕਰਨ ਅਤੇ ਆਮ ਆਦਮੀ ਪਾਰਟੀ ਦੇ ਸਿਆਸੀ ਮਨੋਰਥ ਲਈ ਪੰਜਾਬ ਦੇ ਖਜਾਨੇ ਦੇ 300 ਕਰੋੜ ਰੁਪਏ ਬਾਹਰੀ ਸੂਬਿਆਂ ਨੂੰ ਇਸ਼ਤਿਹਾਰ ਦੇ ਕੇ ਫੂਕ ਦਿੱਤੇ ਹਨI ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਰਾਜੇਸ਼ ਬਾਗਾ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਫ੍ਰੀ ਬਿਜਲੀ ਦੇਣ ਦਾ ਢਿੰਡੋਰਾ ਪਿੱਟ ਰਹੀ ਹੈ ਅਤੇ ਦੂਜੇ ਪਾਸੇ ਬਿਜਲੀ ਦੇ ਆਮ ਖ਼ਰਚਿਆਂ ‘ਚ ਭਾਰੀ ਵਾਧਾ ਕਰਕੇ ਪੰਜਾਬ ਦੇ ਲੋਕਾਂ ‘ਤੇ ਵਾਧੂ ਬੋਝ ਪਾ ਦਿੱਤਾ ਹੈI ਭਾਰਤੀ ਜਨਤਾ ਪਾਰਟੀ ਪੰਜਾਬ ਇਸਦਾ ਸਖਤ ਵਿਰੋਧ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਵਧਾਏ ਹੋਏ ਖ਼ਰਚੇ ਨੂੰ ਤੁਰੰਤ ਵਾਪਸ ਲਿਆ ਜਾਵੇ। ਅਗਰ ਪੰਜਾਬ ਸਰਕਾਰ ਨੇ ਅਜਿਹਾ ਨਹੀਂ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਲੋਕਾਂ ਦੀਆਂ ਸਮਸਿਆਂਵਾਂ ਅਤੇ ਹੱਕਾਂ ਲਈ ਸੜਕਾਂ ‘ਤੇ ਉਤਰਣ ‘ਤੋਂ ਪਰਹੇਜ ਨਹੀਂ ਕਰੇਗੀI