ਗੁਰਦਾਸਪੁਰ, 25 ਦਸੰਬਰ 2022 – ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਹਸਪਤਾਲ ਵੱਲੋਂ ਸੜਕ ਹਾਦਸੇ ਤੋਂ ਬਾਅਦ ਮੁਰਦਾਘਰ ‘ਚ ਰੱਖੀ ਲਾਸ਼ ਨੂੰ ਰੇਲਵੇ ਲਾਈਨਾਂ ਤੋਂ ਮਿਲੀ ਲਾਵਾਰਿਸ ਲਾਸ਼ ਦੱਸ ਸਸਕਾਰ ਕਰ ਦਿੱਤਾ ਗਿਆ। ਪੋਸਟਮਾਰਟਮ ਲਈ ਪਹੁੰਚੇ ਪਰਿਵਾਰ ਵਾਲਿਆਂ ਨੂੰ ਜਦੋਂ ਲਾਸ਼ ਨਾ ਮਿਲੀ ਤਾਂ ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਸਿਵਲ ਹਸਪਤਾਲ ਪ੍ਰਸ਼ਾਸਨ ਆਪਣੀ ਗਲਤੀ ਤੋਂ ਬਾਅਦ ਚੁੱਪ ਹੋ ਗਿਆ ਹੈ।
ਘਟਨਾ ਗੁਰਦਾਸਪੁਰ ਦੇ ਬਟਾਲਾ ਦੇ ਸਿਵਲ ਹਸਪਤਾਲ ਦੀ ਹੈ। ਪਿੰਡ ਘਸੀਟਪੁਰ ਦੇ ਸੁਖਵਿੰਦਰ ਸਿੰਘ ਦੀ ਸ਼ਨੀਵਾਰ ਸ਼ਾਮ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਸ਼ਨੀਵਾਰ ਦੇਰ ਸ਼ਾਮ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਤਾਂ ਜੋ ਐਤਵਾਰ ਨੂੰ ਪੋਸਟਮਾਰਟਮ ਕਰਵਾਇਆ ਜਾ ਸਕੇ ਪਰ ਜਦੋਂ ਐਤਵਾਰ ਸਵੇਰੇ ਪਰਿਵਾਰ ਅਤੇ ਪੁਲਸ ਪੋਸਟਮਾਰਟਮ ਦੀ ਕਾਰਵਾਈ ਲਈ ਪਹੁੰਚੇ ਤਾਂ ਮੁਰਦਾਘਰ ‘ਚ ਲਾਸ਼ ਨਹੀਂ ਸੀ।
ਰੇਲਵੇ ਪੁਲੀਸ ਵੱਲੋਂ 72 ਘੰਟੇ ਪਹਿਲਾਂ ਇੱਕ ਲਾਵਾਰਿਸ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਸੀ। ਇਹ ਲਾਸ਼ ਰੇਲਵੇ ਪੁਲਿਸ ਨੂੰ ਰੇਲਵੇ ਲਾਈਨਾਂ ਤੋਂ ਮਿਲੀ ਸੀ। ਉਸ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ।
ਉਸ ਨੂੰ ਐਤਵਾਰ ਸਵੇਰੇ ਸਸਕਾਰ ਲਈ ਲਿਜਾਇਆ ਜਾਣਾ ਸੀ ਪਰ ਸਿਵਲ ਹਸਪਤਾਲ ਦੇ ਮੁਲਾਜ਼ਮ ਨੇ ਇਸ ਦੀ ਬਜਾਏ ਮ੍ਰਿਤਕ ਸੁਖਵਿੰਦਰ ਦੀ ਲਾਸ਼ ਨੂੰ ਸਸਕਾਰ ਲਈ ਭੇਜ ਦਿੱਤਾ।
ਸਵੇਰੇ ਜਦੋਂ ਪਰਿਵਾਰ ਵਾਲੇ ਸੁਖਵਿੰਦਰ ਸਿੰਘ ਦੀ ਲਾਸ਼ ਲੈਣ ਪੁੱਜੇ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਪਰਿਵਾਰ ਮ੍ਰਿਤਕ ਦੇਹ ਲੈਣ ਦੀ ਗੱਲ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ। ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ।