- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਨੌਜਵਾਨਾਂ ਨੂੰ ਮਧੂ ਮੱਖੀ ਪਾਲਣ ਲਈ ਪ੍ਰੇਰਿਆ
ਸੰਗਰੂਰ, 25 ਦਸੰਬਰ, 2022: ਮਧੂਮੱਖੀ ਪਾਲਣ ਦਾ ਕਿੱਤਾ ਬੇਰੋਜ਼ਗਾਰ ਨੌਜਵਾਨਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਵਧੀਆ ਜ਼ਰੀਆ ਸਾਬਤ ਹੋ ਸਕਦਾ ਹੈ ਅਤੇ ਜੇਕਰ ਕਿਸਾਨ ਵੀਰ ਵੀ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਵਜੋਂ ਮਧੂ ਮੱਖੀ ਪਾਲਣ ਨੂੰ ਅਪਣਾ ਲੈਣ ਤਾਂ ਇਹ ਸੁਮੇਲ ਉਨ੍ਹਾਂ ਦੀ ਵਿੱਤੀ ਖੁਸ਼ਹਾਲੀ ਨੂੰ ਯਕੀਨੀ ਬਣਾ ਸਕਦਾ ਹੈ। ਇਹ ਕਹਿਣਾ ਹੈ ਤਹਿਸੀਲ ਧੂਰੀ ਦੇ ਪਿੰਡ ਕਾਂਝਲਾ ਦੇ ਸਫ਼ਲ ਮਧੂ ਮੱਖੀ ਪਾਲਕ ਸ਼੍ਰੀ ਜਗਤਾਰ ਸਿੰਘ ਕਲੇਰ ਦਾ, ਜੋ ਪਿਛਲੇ ਕਰੀਬ ਦੋ-ਢਾਈ ਦਹਾਕਿਆਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਹਨ।
ਜਗਤਾਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ 1997 ਵਿੱਚ ਮਹਿਜ਼ 5 ਬਕਸਿਆਂ ਤੋਂ ਮਧੂ ਮੱਖੀ ਪਾਲਣ ਦਾ ਸਹਾਇਕ ਕਿੱਤੇ ਵਜੋਂ ਆਰੰਭਿਆ ਸੀ ਅਤੇ ਇਹ ਕਿੱਤਾ ਹੁਣ ਉਨ੍ਹਾਂ ਦਾ ਮੁੱਖ ਕਿੱਤਾ ਬਣ ਚੁੱਕਾ ਹੈ ਅਤੇ ਬਕਸਿਆਂ ਦੀ ਗਿਣਤੀ ਵੀ 1500 ਪਾਰ ਕਰ ਚੁੱਕੀ ਹੈ। ਸ਼੍ਰੀ ਜਗਤਾਰ ਸਿੰਘ, ਆਪਣੀ ਮਿਹਨਤ ਸਦਕਾ ਕੌਮੀ ਪੱਧਰ ਅਤੇ ਪੰਜਾਬ ਪੱਧਰ ਦੇ ਬੀ ਬੋਰਡ (ਮਧੂ ਮੱਖੀ ਪਾਲਣ ਬੋਰਡ) ਦੇ ਮੈਂਬਰ ਹਨ ਅਤੇ ਨਿਰੰਤਰ ਇਸ ਖੇਤਰ ਵਿੱਚ ਸਫ਼ਲਤਾ ਦੀ ਪੁਲਾਂਘ ਪੁੱਟ ਰਹੇ ਹਨ।
ਸ਼ਹਿਦ ਦੀ ਗੁਣਵੱਤਾ ਸੁਧਾਰਨ ਦੇ ਖੇਤਰ ਵਿੱਚ ਜੁਟਿਆ ਇਹ ਅਗਾਂਹਵਧੂ ਕਿਸਾਨ ਆਪਣੀ ਸੂਝਬੂਝ ਸਦਕਾ ਇਸ ਖੇਤਰ ਵਿੱਚ ਚੰਗਾ ਨਾਮ ਕਮਾ ਚੁੱਕਾ ਹੈ ਜਿਸ ਤੋਂ ਕਈ ਨੌਜਵਾਨ ਵੀ ਦੂਰੋਂ ਨੇੜਿਓਂ ਸੇਧ ਲੈਣ ਲਈ ਪੁੱਜਦੇ ਰਹਿੰਦੇ ਹਨ। ਵਿਸ਼ੇਸ ਗੱਲ ਇਹ ਵੀ ਹੈ ਕਿ ਸ਼੍ਰੀ ਜਗਤਾਰ ਸਿੰਘ, ਸਿਹਤਮੰਦ ਰਾਣੀ ਮੱਖੀ ਪੈਦਾ ਕਰਨ ਸਬੰਧੀ ਪੰਜਾਬ ਵਿੱਚ ਹੀ ਨੀਦਰਲੈਂਡ ਦੇ ਮਾਹਿਰਾਂ ਤੋਂ ਵੀ ਸਿਖਲਾਈ ਹਾਸਲ ਕਰ ਚੁੱਕੇ ਹਨ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਨਿਰੰਤਰ ਤਾਲਮੇਲ ਰੱਖਦੇ ਹੋਏ ਪੰਜਾਬ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਵੀ ਸਰਗਰਮ ਸ਼ਿਰਕਤ ਕਰਦੇ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਵਿਭਾਗੀ ਮਾਹਿਰਾਂ ਦੀ ਤਕਨੀਕੀ ਜਾਣਕਾਰੀ ਹਾਸਲ ਕਰਕੇ ਆਪਣੀ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਸਹਾਇਕ ਕਿੱਤਿਆਂ ਵਿੱਚ ਬੁਲੰਦੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਦ ਉਤਪਾਦਨ ਆਮਦਨ ਦੇ ਚੰਗੇ ਸਰੋਤ ਪੈਦਾ ਕਰਨ ਦੇ ਸਮਰੱਥ ਹੈ ਕਿਉਂਕਿ ਗੁਣਵੱਤਾ ਭਰਪੂਰ ਸ਼ਹਿਦ ਦੀ ਨਾ ਕੇਵਲ ਪੰਜਾਬ ਬਲਕਿ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ ਅਤੇ ਕਈ ਉਤਪਾਦਕ ਆਕਰਸ਼ਕ ਪੈਕਿੰਗ ਕਰਕੇ ਵਧੀਆ ਕਮਾਈ ਕਰ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਸੰਗਰੂਰ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਵੀ ਮਧੂ ਮੱਖੀ ਪਾਲਣ ਦੇ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ ਤਾਂ ਜੋ ਮਿਹਨਤ ਤੇ ਤਕਨੀਕੀ ਸਿਖਲਾਈ ਨਾਲ ਲੋੜਵੰਦ ਆਪਣੀ ਆਰਥਿਕ ਖੁਸ਼ਹਾਲੀ ਲਈ ਨਵੀਂ ਮਿਸਾਲ ਕਾਇਮ ਕਰ ਸਕਣ।