ਅਮਰੀਕਾ, 26 ਦਸੰਬਰ 2022 – ਅਮਰੀਕਾ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਉਦਯੋਗਪਤੀਆਂ ਨੂੰ ਪੰਜਾਬ ’ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਗਿਆ। ਤਰਨਜੀਤ ਸਿੰਘ ਸੰਧੂ ਨੇ ਬੀਤੇ ਦਿਨੀਂ ਓਹਾਇਓ ਸੂਬੇ ਦੇ ਉਦਯੋਗਿਕ ਸ਼ਹਿਰ ਸਿਨਸਿਨਾਟੀ ਵਿਖੇ ਆਪਣੀ ਫੇਰੀ ਦੌਰਾਨ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਸਨ ਅਤੇ ਸੰਗਤ ਨਾਲ ਵੱਖ- ਵੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ। ਇਸ ਮੌਕੇ ਸੰਧੂ ਨੇ ਭਾਈਚਾਰੇ ਨੂੰ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਨਿਵੇਸ਼ ਦੇ ਮੌਕਿਆਂ ਲਈ ਸੱਦਾ ਦਿੱਤਾ।
ਟਵੀਟ ਕਰਕੇ ਉਹਨਾਂ ਕਿਹਾ “ਗ੍ਰੇਟਰ ਸਿਨਸਿਨਾਟੀ ਦੇ ਗੁਰੂ ਨਾਨਕ ਸੋਸਾਇਟੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਵਾਹਿਗੁਰੂ ਸਭ ਨੂੰ ਸ਼ਾਂਤੀ, ਸਿਹਤ ਅਤੇ ਖੁਸ਼ੀਆਂ ਬਖਸ਼ਣ“। ਉਹਨਾਂ ਹਿੰਦੁ ਟੈਂਪਲ ਆਫ ਸਿਨਸਿਨਾਟੀ ਵਿਖੇ ਵੀ ਹਾਜ਼ਰੀ ਭਰੀ।
ਆਪਣੀ ਫੇਰੀ ਦੌਰਾਨ ਉਹਨਾਂ ਸਿਨਸਿਨਾਟੀ ਦੇ ਮੇਅਰ ਆਫ਼ਤਾਬ ਪੁਰੇਵਾਲ, ਸਿਨਸਿਨਾਟੀ ਬਿਜ਼ਨਸ ਕਮੇਟੀ, ਯੂਨੀਵਰਸਿਟੀ ਆਫ ਸਿਨਸਿਨਾਟੀ, ਪ੍ਰੋਕਟਰ ਐਂਡ ਗੈਂਬਲ ਕੰਪਨੀ, ਭਾਰਤ ਦੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਜ਼ ਦੇ ਸਿਨਸਿਨਾਟੀ ਵਿਖੇ ਸਥਿਤ ਦਫਤਰ ਅਤੇ ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਵੀ ਵੱਖ-ਵੱਖ ਮੀਟਿੰਗਾਂ ਕੀਤੀਆਂ।