ਅੰਮ੍ਰਿਤਸਰ, 26 ਦਸੰਬਰ 2022 – ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲੀਸ ਨੇ ਦੋ ਦਿਨ ਪਹਿਲਾਂ ਦੋ ਵਿਅਕਤੀਆਂ ਨੂੰ 38 ਹਜ਼ਾਰ 500 ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਸੀ। ਇਸ ਮਾਮਲੇ ‘ਚ ਪੁਲਸ ਨੇ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ। ਮੁਲਜ਼ਮਾਂ ਦੀ ਸੂਹ ’ਤੇ ਅੰਮ੍ਰਿਤਸਰ ਪੁਲੀਸ ਰੇਡ ਕਰਨ ਲਈ ਦੇਹਰਾਦੂਨ ਪੁੱਜੀ।
ਸਿਹਤ ਵਿਭਾਗ ਦੀ ਟੀਮ ਦੇ ਡਰੱਗ ਇੰਸਪੈਕਟਰ ਵੀ ਮੌਜੂਦ ਸਨ। ਪੁਲਸ ਨੇ ਦੇਹਰਾਦੂਨ ਤੋਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ 4 ਲੱਖ ਤੋਂ ਵੱਧ ਗੋਲੀਆਂ ਵੀ ਬਰਾਮਦ ਹੋਈਆਂ ਹਨ। ਪੁਲਿਸ ਨੇ ਫੈਕਟਰੀ ਦੀ ਘੇਰਾਬੰਦੀ ਕਰ ਦਿੱਤੀ। ਫੈਕਟਰੀ ਵਿੱਚ ਕੰਮ ਕਰਦੇ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਫੜੇ ਗਏ। ਦੋਸ਼ੀਆਂ ਨੂੰ ਜਲਦ ਹੀ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਫੈਕਟਰੀ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀ ਸੀ। ਇਲਾਕੇ ਦੇ ਲੋਕਾਂ ਨੂੰ ਵੀ ਇਸ ਫੈਕਟਰੀ ਬਾਰੇ ਪਤਾ ਨਹੀਂ ਸੀ। ਫੈਕਟਰੀ ਦੇ ਅੰਦਰੋਂ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਮਿਲੀ ਹੈ। ਮੁਲਜ਼ਮ ਨੇ ਵੱਖ-ਵੱਖ ਸ਼ਹਿਰਾਂ ਵਿੱਚ ਡਿਸਟ੍ਰੀਬਿਊਟਰ ਰੱਖੇ ਹੋਏ ਸਨ ਜਿਨ੍ਹਾਂ ਦੀ ਮਦਦ ਨਾਲ ਉਹ ਗੋਲੀਆਂ ਸਪਲਾਈ ਕਰਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਫਿਲਹਾਲ ਪੁਲਿਸ ਨੇ 3 ਲੱਖ ਤੋਂ ਵੱਧ ਗੋਲੀਆਂ ਬਰਾਮਦ ਕੀਤੀਆਂ ਹਨ। ਫਿਲਹਾਲ ਫੈਕਟਰੀ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ। ਅਧਿਕਾਰੀ ਅਜੇ ਇਸ ਕਾਰਵਾਈ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਸ ਜਲਦ ਹੀ ਪ੍ਰੈੱਸ ਕਾਨਫਰੰਸ ਕਰਨ ਜਾ ਰਹੀ ਹੈ।