ਲੁਧਿਆਣਾ, 27 ਦਸੰਬਰ 2022 – ਲੁਧਿਆਣਾ ‘ਚ ਗੁਆਂਢੀਆਂ ਵੱਲੋਂ ਗੁਆਂਢੀਆਂ ‘ਤੇ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਗੁਆਂਢੀਆਂ ਨੇ ਆਪਣੇ ਗੁਆਂਢੀਆਂ
‘ਤੇ ਕਰੀਬ 3 ਫਾਇਰ ਕੀਤੇ। ਝਗੜਾ ਘਰ ਦੇ ਬਾਹਰ ਪਈ ਬੱਜਰੀ ਨੂੰ ਲੈ ਕੇ ਸ਼ੁਰੂ ਹੋਇਆ ਸੀ। ਬੱਜਰੀ ਕਾਰਨ ਸੀਵਰੇਜ ਜਾਮ ਹੋ ਗਿਆ। ਜਿਸ ਤੋਂ ਬਾਅਦ ਨੌਜਵਾਨਾਂ ਨੇ ਗਾਲ੍ਹਾਂ ਕੱਢਦੇ ਹੋਏ ਗੁਆਂਢੀਆਂ ‘ਤੇ ਹਮਲਾ ਕਰ ਦਿੱਤਾ।
ਗੁਆਂਢੀਆਂ ਨੇ ਵਿਰੋਧ ਕੀਤਾ ਤਾਂ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਘਟਨਾ ਟਿੱਬਾ ਥਾਣਾ ਖੇਤਰ ਦੇ ਆਦਰਸ਼ ਕਾਲੋਨੀ ਦੀ ਹੈ। ਹਮਲੇ ‘ਚ ਚਾਰ ਤੋਂ ਪੰਜ ਲੋਕਾਂ ਦੇ ਸੱਟਾਂ ਵੀ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਗੋਲੀ ਚੱਲਣ ਦੀ ਆਵਾਜ਼ ਨਾਲ ਇਲਾਕੇ ਵਿੱਚ ਭਗਦੜ ਮੱਚ ਗਈ। ਲੋਕ ਇਧਰ-ਉਧਰ ਭੱਜਣ ਲੱਗੇ। ਭੱਜਣ ਵਾਲੇ ਲੋਕ ਵੀ ਸੀਸੀਟੀਵੀ ਵਿੱਚ ਕੈਦ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਸੋਮਯਾ ਫੈਸ਼ਨ ਫੈਕਟਰੀ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਗਿਣਤੀ 4 ਤੋਂ 5 ਦੱਸੀ ਜਾ ਰਹੀ ਹੈ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਲਾਕਾ ਨਿਵਾਸੀ ਮੁਹੰਮਦ ਸ਼ਾਹਨਵਾਜ਼ ਨੇ ਦੱਸਿਆ ਕਿ ਜਿਵੇਂ ਹੀ ਪਤਾ ਲੱਗਾ ਕਿ ਇਲਾਕੇ ‘ਚ ਲੜਾਈ ਚੱਲ ਰਹੀ ਹੈ ਤਾਂ ਇਸ ਦੌਰਾਨ ਨੌਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਤੋਂ ਪੱਥਰਬਾਜ਼ੀ ਵੀ ਹੋਈ। ਜਿਸ ਨੌਜਵਾਨ ਦੀ ਹਾਲਤ ਥੋੜ੍ਹੀ ਨਾਜ਼ੁਕ ਹੈ, ਉਸ ਦਾ ਕੋਈ ਕਸੂਰ ਨਹੀਂ ਸੀ, ਉਹ ਚਾਹ ਲਿਆ ਰਿਹਾ ਸੀ। ਦੋ ਵਿਅਕਤੀਆਂ ਦੇ ਹੱਥਾਂ ਵਿੱਚ ਪਿਸਤੌਲ ਸਨ।
ਕੁੱਲ 8 ਤੋਂ 9 ਲੋਕ ਹਮਲਾ ਕਰਨ ਵਾਲੇ ਸਨ। ਮੁਲਜ਼ਮ ਫ਼ਰਾਰ ਹਨ ਪਰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਪੁਲੀਸ ਨੇ ਫੜ ਲਿਆ ਹੈ। ਸ਼ਾਹਨਵਾਜ਼ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਮੁੱਖ ਦੋਸ਼ੀ ਰਜਤ, ਲਾਲੀ ਭਾਈ ਹੈ। ਬਿੱਟੂ ਅਤੇ ਗੱਗੂ ਉਸ ਦੇ ਸਾਥੀ ਹਨ। ਕਈ ਵਾਰ ਪੁਲਿਸ ਇਨ੍ਹਾਂ ਨੂੰ ਫੜ ਚੁੱਕੀ ਹੈ ਪਰ ਕੁਝ ਘੰਟਿਆਂ ਵਿਚ ਹੀ ਇਨ੍ਹਾਂ ਲੋਕਾਂ ਨੂੰ ਛੱਡ ਦਿੱਤਾ ਜਾਂਦਾ ਹੈ।
ਥਾਣਾ ਟਿੱਬਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਟਰੇਸ ਕਰ ਲਿਆ ਹੈ। ਜਲਦ ਹੀ ਪੁਲਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਵੇਗੀ।