ਫਰੀਦਾਬਾਦ, 27 ਦਸੰਬਰ 2022 – ਜ਼ਮੀਨ ਦਾ ਕਬਜ਼ਾ ਲੈਣ ਦੇ ਬਦਲੇ ਜਦੋਂ ਪੱਕੀ ਜ਼ਮੀਨ ਅਤੇ ਪੈਸੇ ਨਾ ਮਿਲੇ ਤਾਂ ਜ਼ਮੀਨ ਦੇ ਮਾਲਕ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਫਰੀਦਾਬਾਦ ਦਾ ਹੈ ਜਿੱਥੇ ਕ੍ਰਾਈਮ ਬ੍ਰਾਂਚ ਨੇ ਕਤਲ ਕੇਸ ਨੂੰ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਵੱਲੋਂ ਫੜੇ ਗਏ ਦੋਵਾਂ ਨੌਜਵਾਨਾਂ ‘ਤੇ ਕਿਦਾਵਾਲੀ ਪਿੰਡ ਦੇ ਰਹਿਣ ਵਾਲੇ ਜੋਗਿੰਦਰ ਦੀ ਹੱਤਿਆ ਦਾ ਦੋਸ਼ ਹੈ। ਦਰਅਸਲ 2 ਅਤੇ 3 ਦਸੰਬਰ ਦੀ ਰਾਤ ਨੂੰ ਕਿਦਵਾਲੀ ਪਿੰਡ ‘ਚ ਫਾਰਮ ਹਾਊਸ ਦੇ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਪੁਲਸ ਨੇ ਇਸ ਮਾਮਲੇ ‘ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਪੁਲੀਸ ਅਨੁਸਾਰ ਮ੍ਰਿਤਕ ਜੋਗਿੰਦਰ ਕੋਲ ਪਿੰਡ ਵਿੱਚ ਹੀ 5 ਏਕੜ ਜ਼ਮੀਨ ਸੀ। 2018 ਵਿੱਚ, ਉਸਨੇ ਇਸਨੂੰ ਵੇਚਣ ਲਈ ਦਿੱਲੀ ਦੀ ਗੱਦਾਹ ਕਲੋਨੀ ਦੇ ਵਸਨੀਕ ਅਖਤਰ ਨਾਲ ਸੌਦਾ ਕੀਤਾ। ਕੁੱਲ ਸੌਦਾ 2.5 ਕਰੋੜ ਰੁਪਏ ‘ਚ ਤੈਅ ਹੋਇਆ ਸੀ, ਜਿਸ ਲਈ ਅਖਤਰ ਨੇ ਜੋਗਿੰਦਰ ਨੂੰ 35,00,000 ਬਿਆਨਾ ਦਿੱਤਾ ਸੀ ਅਤੇ ਬਾਕੀ ਰਕਮ ਦੇਣ ਲਈ ਸਮਾਂ ਮੰਗਿਆ ਸੀ।
ਅਖ਼ਤਰ ਇਹ ਰਕਮ ਨਿਰਧਾਰਤ ਸਮੇਂ ਵਿੱਚ ਅਦਾ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਜੋਗਿੰਦਰ ਨੇ ਮੁਲਜ਼ਮ ਊਧਮ ਨਾਲ ਮਿਲ ਕੇ ਜ਼ਮੀਨ ਦਾ ਕਬਜ਼ਾ ਵਾਪਸ ਕਰਵਾ ਲਿਆ। ਕਬਜ਼ਾ ਮਿਲਣ ਤੋਂ ਬਾਅਦ ਜੋਗਿੰਦਰ ਨੇ ਜ਼ਮੀਨ ‘ਤੇ ਆਪਣਾ ਮਕਾਨ ਬਣਾ ਕੇ ਰਹਿਣ ਲੱਗ ਪਿਆ। ਪੁਲੀਸ ਅਨੁਸਾਰ ਇਸ ਦੌਰਾਨ ਮੁਲਜ਼ਮ ਊਧਮ ਨੇ ਜ਼ਮੀਨ ਦਾ ਕਬਜ਼ਾ ਵਾਪਸ ਦਿਵਾਉਣ ਦੇ ਬਦਲੇ ਜ਼ਮੀਨ ਦਾ ਕੁਝ ਹਿੱਸਾ ਮੰਗਿਆ, ਜਿਸ ਕਾਰਨ ਦੋਵਾਂ ਵਿੱਚ ਤਕਰਾਰ ਹੋ ਗਈ ਅਤੇ ਫਿਰ ਊਧਮ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਗੋਲੀ ਚਲਾ ਦਿੱਤੀ ਅਤੇ ਜੋਗਿੰਦਰ ਨੂੰ ਮਾਰ ਦਿੱਤਾ ਸੀ ਅਤੇ ਫਰਾਰ ਹੋ ਗਏ ਸੀ।