ਗੁਹਾਟੀ, 5 ਜਨਵਰੀ 2023 – ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਬੁੱਧਵਾਰ ਰਾਤ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫਲਾਈਟ ਅਗਰਤਲਾ ਦੇ ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ‘ਤੇ ਨਹੀਂ ਉਤਰ ਸਕੀ। ਉਸ ਦੀ ਫਲਾਈਟ ਨੂੰ ਡਾਇਵਰਟ ਕਰਕੇ ਗੁਹਾਟੀ ਭੇਜ ਦਿੱਤਾ ਗਿਆ। ਏਟੀਸੀ ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੂੰ ਗੁਹਾਟੀ ਦੇ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜਿਆ ਗਿਆ, ਜਿੱਥੇ ਇਸ ਨੂੰ ਸਫਲਤਾਪੂਰਵਕ ਉਤਾਰਿਆ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੁੱਧਵਾਰ ਰਾਤ ਤ੍ਰਿਪੁਰਾ ਪਹੁੰਚਣ ਵਾਲੇ ਸਨ।
ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਤ੍ਰਿਪੁਰਾ ‘ਚ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣ ਜਾ ਰਹੇ ਹਨ। ਭਾਜਪਾ ਨੇਤਾਵਾਂ ਨੇ ਕਿਹਾ ਕਿ ਸ਼ਾਹ ਸਭ ਤੋਂ ਪਹਿਲਾਂ ਰਾਜ ਦੀ ਰਾਜਧਾਨੀ ਅਗਰਤਲਾ ਤੋਂ ਲਗਭਗ 190 ਕਿਲੋਮੀਟਰ ਦੂਰ ਉੱਤਰੀ ਤ੍ਰਿਪੁਰਾ ਦੇ ਧਰਮਨਗਰ ਜਾਣ ਦੀ ਸੰਭਾਵਨਾ ਹੈ, ਜਿੱਥੇ ਉਹ ਪਹਿਲੀ ਰੱਥ ਯਾਤਰਾ ਨੂੰ ਹਰੀ ਝੰਡੀ ਦੇਣਗੇ। ਬਾਅਦ ਵਿੱਚ, ਉਹ ਦੂਜੀ ਰਥ ਯਾਤਰਾ ਨੂੰ ਹਰੀ ਝੰਡੀ ਦੇਣ ਲਈ ਬੰਗਲਾਦੇਸ਼ ਸਰਹੱਦ ਨੇੜੇ ਦੱਖਣੀ ਤ੍ਰਿਪੁਰਾ ਵਿੱਚ ਸਬਰੂਮ ਜਾਣਗੇ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਤ੍ਰਿਪੁਰਾ ਤੋਂ ਰਵਾਨਾ ਹੋਣਗੇ। ਹਾਲਾਂਕਿ ਉਨ੍ਹਾਂ ਦੇ ਆਉਣ ਦੇ ਪ੍ਰੋਗਰਾਮ ‘ਚ ਬਦਲਾਅ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ।
ਮੁੱਖ ਮੰਤਰੀ ਮਾਨਿਕ ਸਾਹਾ ਨੇ ਸੂਚਨਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸੁਸ਼ਾਂਤ ਚੌਧਰੀ ਦੇ ਨਾਲ ਸੋਮਵਾਰ ਨੂੰ ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਮੈਗਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਧਰਮਨਗਰ ਅਤੇ ਸਬਰੂਮ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ ਤ੍ਰਿਪੁਰਾ ‘ਚ ਫਰਵਰੀ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਾਰਟੀ ਆਗੂਆਂ ਨੇ ਦੱਸਿਆ ਕਿ ਦੋਵਾਂ ਰੱਥ ਯਾਤਰਾਵਾਂ ਤਹਿਤ ਕਈ ਜਨਤਕ ਮੀਟਿੰਗਾਂ ਅਤੇ ਰੈਲੀਆਂ ਦੀ ਯੋਜਨਾ ਬਣਾਈ ਗਈ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ 12 ਜਨਵਰੀ ਨੂੰ ਪ੍ਰੋਗਰਾਮ ਦੇ ਸਮਾਪਤੀ ਵਾਲੇ ਦਿਨ ਮੌਜੂਦ ਰਹਿਣ ਦੀ ਸੰਭਾਵਨਾ ਹੈ।