ਚੰਡੀਗੜ੍ਹ, 5 ਜਨਵਰੀ 2023 – ਪੰਜਾਬ ਸਰਕਾਰ ਨੇ 2 ਆਈਏਐਸ ਅਤੇ 8 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ਦੋ ਆਈਏਐਸ ਦਾ ਤਬਾਦਲਾ ਕੀਤਾ ਗਿਆ ਹੈ ਉਨ੍ਹਾਂ ਵਿੱਚ ਸਾਲ 2020 ਬੈਚ ਦੇ ਆਈਏਐਸ ਹਰਜਿੰਦਰ ਸਿੰਘ ਅਤੇ ਓਜਸਵੀ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਜਿਨ੍ਹਾਂ 8 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ, ਉਨ੍ਹਾਂ ਵਿੱਚ ਜਗਵਿੰਦਰਜੀਤ ਸਿੰਘ ਗਰੇਵਾਲ, ਉਦੈਦੀਪ ਸਿੰਘ ਸਿੱਧੂ, ਕਾਲਾ ਰਾਮ ਕਾਂਸਲ, ਪ੍ਰੋਮਿਲਾ ਸ਼ਰਮਾ, ਸ਼ਿਵਰਾਜ ਸਿੰਘ ਪਾਲ, ਚਰਨਜੋਤ ਸਿੰਘ ਵਾਲੀਆ, ਪ੍ਰਮੋਦ ਸਿੰਗਲਾ ਅਤੇ ਕਿਰਨਜੀਤ ਸਿੰਘ ਟਿਵਾਣਾ ਸ਼ਾਮਲ ਹਨ। ਸਾਰੇ ਅਧਿਕਾਰੀਆਂ ਨੇ ਨਵਾਂ ਅਹੁਦਾ ਸੰਭਾਲ ਲਿਆ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਕਾਰਜਕਾਰੀ ਸੇਵਾ ਕਾਲ 6 ਮਹੀਨੇ ਪੂਰਾ ਹੋ ਗਿਆ ਹੈ। ਅਜਿਹੇ ‘ਚ ਪੰਜਾਬ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਸੂਚੀ ਯੂ.ਪੀ.ਐੱਸ.ਸੀ. ਨੂੰ ਭੇਜਣੀ ਜ਼ਰੂਰੀ ਹੈ, ਪਰ ਰੈਗੂਲਰ ਡੀਜੀਪੀ ਦੀ ਨਿਯੁਕਤੀ ਲਈ ਸੂਬਾ ਸਰਕਾਰ ਨੇ ਅਜੇ ਤੱਕ ਅਧਿਕਾਰੀਆਂ ਦੀ ਸੂਚੀ ਯੂ.ਪੀ.ਐੱਸ.ਸੀ. ਨੂੰ ਨਹੀਂ ਭੇਜੀ ਹੈ।
ਨਿਯਮਾਂ ਮੁਤਾਬਕ ਕਿਸੇ ਸੀਨੀਅਰ ਅਧਿਕਾਰੀ ਨੂੰ ਸਿਰਫ਼ 6 ਮਹੀਨਿਆਂ ਲਈ ਹੀ ਕਾਰਜਕਾਰੀ ਡੀਜੀਪੀ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ, ਜੋ ਕਿ ਸਮਾਂ ਸੀਮਾ ਹੈ। ਕਾਰਜਕਾਰੀ ਡੀਜੀਪੀ ਸੀਨੀਆਰਤਾ ਸੂਚੀ ਵਿੱਚ ਅੱਠਵੇਂ ਨੰਬਰ ’ਤੇ ਹਨ। ਜੇਕਰ ਪੰਜਾਬ ਸਰਕਾਰ ਸੂਚੀ ਭੇਜਦੀ ਹੈ ਤਾਂ ਗੌਰਵ ਯਾਦਵ ਦਾ ਨਾਂ ਇਸ ਵਿੱਚ ਸ਼ਾਮਲ ਨਹੀਂ ਹੋਵੇਗਾ।