- “ਅਕਾਲੀ ਦਲ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ‘ਬੀ’ ਟੀਮ ਵਜੋਂ ਕੰਮ ਕਰ ਰਿਹਾ ਹੈ”
ਐਸ.ਏ.ਐਸ. ਨਗਰ, 6 ਜਨਵਰੀ 2023: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਆਗੂ ਐਨ.ਕੇ. ਸ਼ਰਮਾ ਉੱਤੇ ਆਮ ਆਦਮੀ ਪਾਰਟੀ ਦੀ ਬੋਲੀ ਬੋਲਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਸ ਨੂੰ ਅਕਾਲੀ ਦਲ ਦੀ ਤੱਕੜੀ ਛੱਡ ਕੇ ਝਾੜੂ ਫੜ ਲੈਣਾ ਚਾਹੀਦਾ ਹੈ।
ਸ਼੍ਰੀ ਸਿੱਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਨ.ਕੇ. ਸ਼ਰਮਾ ਨੇ ਪਿਛਲੀ ਵਿਧਾਨ ਸਭਾ ਚੋਣ ਵਿਚ ਵੀ ਅਕਾਲੀ ਪਾਰਟੀ ਦੇ ਉਮੀਦਵਾਰ ਦੀ ਥਾਂ ਆਪਣੇ ਵਪਾਰਕ ਭਾਈਵਾਲ ਕੁਲਵੰਤ ਸਿੰਘ ਦੀ ਮਦਦ ਕੀਤੀ ਸੀ ਜਿਸ ਕਰ ਕੇ ਅਕਾਲੀ ਉਮੀਦਵਾਰ ਆਪਣੀ ਪਾਰਟੀ ਦੀ ਪੱਕੀ ਵੋਟ ਵੀ ਨਹੀਂ ਸੀ ਲਿਜਾ ਸਕਿਆ। ਉਹਨਾਂ ਕਿਹਾ ਕਿ ਐਨ.ਕੇ. ਸ਼ਰਮਾ ਦਾ ਉਹਨਾਂ ਵਿਰੁੱਧ ਛਪਿਆ ਬਿਆਨ ਦਰਅਸਲ ਉਹਨਾਂ ਦੇ ਸਿਆਸੀ ਵਿਰੋਧੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦਾ ਹੀ ਬਿਆਨ ਹੈ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਨ ਕਿ ਉਹ ਹਰ ਮਾਮਲੇ ਉੱਤੇ ਹਰ ਤਰਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਕੋਵਿਡ ਦੌਰਾਨ ਖਰੀਦੀਆਂ ਗਈਆਂ ਦਵਾਈਆਂ, ਕਿੱਟਾਂ ਅਤੇ ਹੋਰ ਸਾਜ਼ੋ-ਸਮਾਨ ਦੀ ਖ਼ਰੀਦ ਉਸ ਵੇਲੇ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਦੀ ਅਗਵਾਈ ਹੇਠ ਬਣੀ ਹੋਈ ਸੀਨੀਅਰ ਅਫਸਰਾਂ ਦੀ ਇਕ ਕਮੇਟੀ ਹੀ ਕਰਦੀ ਸੀ, ਇਸ ਲਈ ਉਹਨਾਂ ਦਾ ਉਸ ਸਮੇਂ ਹੋਈਆਂ ਖਰੀਦਾਂ ਨਾਲ ਕੋਈ ਸਬੰਧ ਨਹੀਂ ਹੈ, ਇਹ ਸਭ ਬੇਬੁਨਿਆਦ ਦੋਸ਼ ਹਨ।
ਸ਼੍ਰੀ ਸਿੱਧੂ ਨੇ ਕਿਹਾ ਕਿ ਕੋਵਿਡ ਦੌਰਾਨ ਉਹਨਾਂ ਦੀ ਅਗਵਾਈ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਵਲੋਂ ਦਿਨ ਰਾਤ ਕੀਤੀ ਗਈ ਸਖ਼ਤ ਮਿਹਨਤ ਸਦਕਾ ਹੀ ਪੰਜਾਬ ਦੇ ਹਾਲਾਤ ਹੋਰ ਸੂਬਿਆਂ ਨਾਲੋਂ ਕਿਤੇ ਬਿਹਤਰ ਰਹੇ ਸਨ। ਉਹਨਾਂ ਕਿਹਾ ਕਿ ਗੁਆਂਢੀ ਸੂਬਿਆਂ ਖਾਸ ਕਰ ਕੇ ਦਿੱਲੀ ਦੇ ਲੋਕ ਵੀ ਪੰਜਾਬ ਵਿਚ ਇਲਾਜ ਕਰਵਾਉਣ ਆਉਂਦੇ ਸਨ।
ਭਾਜਪਾ ਆਗੂ ਨੇ ਕਿਹਾ ਕਿ ਵੱਖ ਵੱਖ ਅਖਬਾਰਾਂ ਦੇ ਹਵਾਲੇ ਤੋਂ ਆਈ ਖ਼ਬਰ ਅਨੁਸਾਰ ਜਿਵੇਂ ਚੰਡੀਗੜ੍ਹ ਵਿਚ ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ ਵਿਚ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਦੀ ‘ਬੀ’ ਟੀਮ ਦਾ ਕੰਮ ਕਰ ਰਹੀ ਹੈ । ਉਸ ਤਰਾਂ ਹੀ ਪੰਜਾਬ ਵਿਚ ਅਕਾਲੀ ਦਲ, ਆਮ ਆਦਮੀ ਪਾਰਟੀ ਦੀ ‘ਬੀ’ ਟੀਮ ਬਣੀ ਹੋਈ ਹੈ । ਉਹਨਾਂ ਅਕਾਲੀ ਆਗੂਆਂ ਖਾਸ ਕਰ ਕੇ ਐਨ.ਕੇ.ਸ਼ਰਮਾ ਨੂੰ ਪੁੱਛਿਆ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਜਨਤਾ ਲੈਂਡ ਪ੍ਰਮੋਟਰਜ਼ ਦੇ ਮਾਲਕ ਕੁਲਵੰਤ ਸਿੰਘ ਵਲੋਂ ਵੱਖ ਵੱਖ ਪ੍ਰਾਜੈਕਟਾਂ ਅਧੀਨ 500 ਕਰੋੜ ਦੇ ਕਰੀਬ ਦੱਬੀ ਹੋਈ ਪੰਚਾਇਤੀ ਜ਼ਮੀਨ ਦਾ ਮਾਮਲਾ ਉਜਾਗਰ ਹੋਣ ਤੇ ਕੋਈ ਸਵਾਲ ਕਿਊ ਨਹੀਂ ਚੁੱਕਿਆ? ਸਿੱਧੂ ਨੇ ਅਗੇ ਪੁੱਛਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸੀਨੀਅਰ ਆਗੂ ਮਜੀਠੀਆ ਸਾਬ ਨੇ ਹਲੇ ਤਕ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਿਉਂ ਨਹੀਂ ਕੀਤੀ? ਉਹਨਾਂ ਕਿਹਾ ਇਹ ਗੱਲਾਂ ਤੋਂ ਸਪਸ਼ਟ ਹੁੰਦਾ ਹੈ ਕਿ ਅਕਾਲੀ ਦਲ ਦੀ ਅੰਦਰਖਾਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਇਕ ਗੱਲ ਬਾਤ ਹੈ।