ਜ਼ਮੀਨ ‘ਚ ਧਸ ਰਹੇ ਜੋਸ਼ੀਮਠ ‘ਚ ਹਾਲਾਤ ਜਾ ਰਹੇ ਨੇ ਵਿਗੜਦੇ, 561 ਤੋਂ ਵੱਧ ਘਰਾਂ ‘ਚ ਦਰਾਰਾਂ

  • ਲੋਕ ਕੜਾਕੇ ਦੀ ਠੰਢ ਵਿੱਚ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ
  • ਇੱਕ ਮੰਦਿਰ ਹੋਇਆ ਢਹਿ-ਢੇਰੀ
  • 600 ਪਰਿਵਾਰ ਹੋਣਗੇ ਸ਼ਿਫਟ

ਜੋਸ਼ੀ ਮੱਠ, 7 ਜਨਵਰੀ 2023 – ਉਤਰਾਖੰਡ ਦੇ ਜੋਸ਼ੀ ਮੱਠ ‘ਚ ਜ਼ਮੀਨ ਖਿਸਕ ਰਹੀ ਹੈ। 561 ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਇਸ ਕਾਰਨ ਲੋਕ ਡਰ ਵਿੱਚ ਹਨ। 50,000 ਦੀ ਆਬਾਦੀ ਵਾਲੇ ਸ਼ਹਿਰ ਵਿੱਚ ਦਿਨ ਤਾਂ ਲੰਘ ਜਾਂਦਾ ਹੈ ਪਰ ਰਾਤ ਡਰਾਵਣੀ ਹੋ ਜਾਂਦੀ ਹੈ। ਧਰਤੀ ਹੇਠਲੇ ਪਾਣੀ ਦਾ ਲਗਾਤਾਰ ਰਿਸਾਅ ਹੋ ਰਿਹਾ ਹੈ। ਹਾਲਾਤ ਵਿਗੜ ਰਹੇ ਹਨ। ਕੜਾਕੇ ਦੀ ਠੰਢ ਵਿੱਚ ਲੋਕ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹਨ। ਉਨ੍ਹਾਂ ਨੂੰ ਡਰ ਹੈ ਕਿ ਘਰ ਕਿਸੇ ਵੇਲੇ ਵੀ ਢਹਿ ਸਕਦਾ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਸ਼ਨੀਵਾਰ ਨੂੰ ਇੱਥੇ ਸਥਿਤੀ ਦਾ ਜਾਇਜ਼ਾ ਲੈਣ ਜੋਸ਼ੀਮਠ ਦਾ ਦੌਰਾ ਕਰਨਗੇ। ਸਭ ਤੋਂ ਵੱਧ ਪ੍ਰਭਾਵ ਜੋਸ਼ੀਮਠ ਦੇ ਰਵੀਗ੍ਰਾਮ, ਗਾਂਧੀਨਗਰ ਅਤੇ ਸੁਨੀਲ ਵਾਰਡਾਂ ਵਿੱਚ ਹੈ। ਇਹ ਸ਼ਹਿਰ 4,677 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਅਜਿਹਾ ਪਿਛਲੇ 13 ਸਾਲਾਂ ਤੋਂ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਸੀਐਮ ਧਾਮੀ ਨੇ ਸ਼ੁੱਕਰਵਾਰ ਨੂੰ ਉੱਚ ਪੱਧਰੀ ਮੀਟਿੰਗ ਕੀਤੀ। ਇਸ ਵਿੱਚ ਖ਼ਤਰੇ ਵਾਲੇ ਖੇਤਰ ਨੂੰ ਤੁਰੰਤ ਖਾਲੀ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਸੁਰੱਖਿਅਤ ਥਾਂ ‘ਤੇ ਇੱਕ ਵੱਡਾ ਮੁੜ ਵਸੇਬਾ ਕੇਂਦਰ ਬਣਾਉਣ ਦੇ ਹੁਕਮ ਦਿੱਤੇ ਗਏ ਸਨ। ਇਸ ਦੇ ਨਾਲ ਹੀ ਖਤਰਨਾਕ ਘਰਾਂ ਵਿੱਚ ਰਹਿ ਰਹੇ 600 ਪਰਿਵਾਰਾਂ ਨੂੰ ਤੁਰੰਤ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਗਏ। ਜਿਨ੍ਹਾਂ ਪਰਿਵਾਰਾਂ ਦੇ ਘਰ ਰਹਿਣ ਦੇ ਲਾਇਕ ਨਹੀਂ ਹਨ ਜਾਂ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ, ਜਿਸ ਲਈ ਉਨ੍ਹਾਂ ਨੂੰ 4,000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਇਹ ਰਕਮ 6 ਮਹੀਨਿਆਂ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਦਿੱਤੀ ਜਾਵੇਗੀ।

ਜੋਸ਼ੀਮਠ ਦੇ ਦੇ ਵੱਡੇ ਅੱਪਡੇਟ………

  • ਜੋਸ਼ੀਮੱਠ ਦੇ 561 ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਸਿੰਘਧਰ ਵਾਰਡ ‘ਚ ਸ਼ੁੱਕਰਵਾਰ ਸ਼ਾਮ ਨੂੰ ਇਕ ਮੰਦਰ ਢਹਿ ਗਿਆ
  • ਸ਼ੁੱਕਰਵਾਰ ਦੇਰ ਰਾਤ ਤੱਕ 50 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ
  • ਕੇਂਦਰ ਸਰਕਾਰ ਨੇ NTPC ਤਪੋਵਨ-ਵਿਸ਼ਨੂੰਗੜ੍ਹ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਅਤੇ ਹੇਲਾਂਗ ਬਾਈਪਾਸ ਦਾ ਕੰਮ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਹੈ
  • ਪ੍ਰਸ਼ਾਸਨ ਅਤੇ ਰਾਜ ਆਫ਼ਤ ਪ੍ਰਬੰਧਨ ਦੇ ਅਧਿਕਾਰੀਆਂ ਸਮੇਤ ਮਾਹਿਰਾਂ ਦੀ ਇੱਕ ਟੀਮ ਨੇ ਜੋਸ਼ੀਮਠ ਵਿੱਚ ਪ੍ਰਭਾਵਿਤ ਖੇਤਰਾਂ ਦਾ ਘਰ-ਘਰ ਜਾ ਕੇ ਸਰਵੇਖਣ ਸ਼ੁਰੂ ਕਰ ਦਿੱਤਾ ਹੈ
  • ਜ਼ਮੀਨ ਖਿਸਕਣ ਕਾਰਨ ਜੋਸ਼ੀਮਠ ਦੀਆਂ ਸੜਕਾਂ ਡੁੱਬ ਰਹੀਆਂ ਹਨ। ਤਰੇੜਾਂ ਕਈ ਥਾਵਾਂ ‘ਤੇ ਆਮ ਹੀ ਦੇਖੀਆਂ ਜਾ ਸਕਦੀਆਂ ਹਨ

ਕਿਸੇ ਅਣਸੁਖਾਵੀਂ ਘਟਨਾ ਦੀ ਸੰਭਾਵਨਾ ਤੋਂ ਬਚਣ ਲਈ ਲੋਕ ਆਪਣੇ ਘਰਾਂ ਨੂੰ ਛੱਡ ਕੇ ਚਲੇ ਗਏ ਹਨ। NTPC ਦੇ ਹਾਈਡਲ ਪ੍ਰੋਜੈਕਟ ਦੀ ਸੁਰੰਗ ਅਤੇ ਚਾਰਧਾਮ ਆਲ-ਵੇਦਰ ਰੋਡ ਦੇ ਨਿਰਮਾਣ ਨੂੰ ਇਨ੍ਹਾਂ ਹਾਲਾਤਾਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਮਲਬਾ ਸੁਰੰਗ ਵਿੱਚ ਵੜ ਗਿਆ ਸੀ। ਹੁਣ ਸੁਰੰਗ ਬੰਦ ਹੈ। ਪ੍ਰਾਜੈਕਟ ਦੀ 16 ਕਿਲੋਮੀਟਰ ਲੰਬੀ ਸੁਰੰਗ ਜੋਸ਼ੀਮੱਠ ਦੇ ਹੇਠਾਂ ਤੋਂ ਲੰਘ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਾਇਦ ਸੁਰੰਗ ਵਿੱਚ ਗੈਸ ਬਣ ਰਹੀ ਹੈ, ਜੋ ਉੱਪਰ ਵੱਲ ਦਬਾਅ ਬਣਾ ਰਹੀ ਹੈ। ਇਹੀ ਕਾਰਨ ਹੈ ਕਿ ਜ਼ਮੀਨ ਧਸ ਰਹੀ ਹੈ।

ਜੋਸ਼ੀਮਠ ਅਲਕਨੰਦਾ ਨਦੀ ਵੱਲ ਖਿਸਕ ਰਿਹਾ ਹੈ। ਜੇਡੀ ਕੋਲ ਆਰਮੀ ਬ੍ਰਿਗੇਡ, ਗੜ੍ਹਵਾਲ ਸਕਾਊਟਸ ਅਤੇ ਇੰਡੋ-ਤਿੱਬਤੀ ਬਾਰਡਰ ਪੁਲਿਸ ਦੀ ਇੱਕ ਬਟਾਲੀਅਨ ਵੀ ਹੈ। ਭੂ-ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਫੈਸਲਾਕੁੰਨ ਕਦਮ ਨਾ ਚੁੱਕੇ ਗਏ ਤਾਂ ਵੱਡੀ ਤਬਾਹੀ ਹੋ ਸਕਦੀ ਹੈ। ਜੋਸ਼ੀਮਠ ਦੀ ਹੋਂਦ ਵੀ ਮਿਟ ਸਕਦੀ ਹੈ।

ਜੋਸ਼ੀਮੱਠ ਵਿੱਚ ਕੁੱਲ 561 ਘਰਾਂ ਅਤੇ ਦੁਕਾਨਾਂ ਵਿੱਚ ਤਰੇੜਾਂ ਆਉਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਵਿੱਚੋਂ ਰਵੀਗ੍ਰਾਮ ਵਾਰਡ ਦੇ 153 ਘਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਗਾਂਧੀਨਗਰ ਵਾਰਡ ਵਿੱਚ 127, ਮਾਰਵਾੜੀ ਵਾਰਡ ਵਿੱਚ 28, ਲੋਅਰ ਬਾਜ਼ਾਰ ਵਾਰਡ ਵਿੱਚ 24, ਸਿੰਘਧਰ ਵਾਰਡ ਵਿੱਚ 52, ਮਨੋਹਰ ਬਾਗ ਵਾਰਡ ਵਿੱਚ 71, ਅੱਪਰ ਬਜ਼ਾਰ ਵਾਰਡ ਵਿੱਚ 29, ਸੁਨੀਲ ਵਾਰਡ ਵਿੱਚ 27 ਅਤੇ ਪਾਰਸਰੀ ਵਿੱਚ 50 ਘਰਾਂ ਅਤੇ ਦੁਕਾਨਾਂ ਵਿੱਚ ਦਰਾੜਾਂ ਪਾਈਆਂ ਗਈਆਂ ਹਨ।

ਹੁਣ ਤੱਕ 66 ਪਰਿਵਾਰ ਹਿਜਰਤ ਕਰ ਚੁੱਕੇ ਹਨ। ਸੁਰੱਖਿਆ ਦੇ ਮੱਦੇਨਜ਼ਰ 38 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਜ਼ਮੀਨ ਖਿਸਕਣ ਤੋਂ ਬਾਅਦ ਜੋਸ਼ੀਮਠ ‘ਚ ਏਸ਼ੀਆ ਦੇ ਸਭ ਤੋਂ ਲੰਬੇ ਰੋਪਵੇਅ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉੱਤਰਾਖੰਡ ਦੇ ਚਮੋਲੀ ਜ਼ਿਲੇ ਦਾ ਜੋਸ਼ੀ ਮੱਠ ਕਸਬਾ, ਜੋ ਕਿ ਚਾਰਧਾਮ ਦੇ ਮੁੱਖ ਮੰਦਰ ਬਦਰੀਨਾਥ ਦੇ ਗੇਟਵੇ ਵਜੋਂ ਜਾਣਿਆ ਜਾਂਦਾ ਹੈ, ਡੁੱਬਣ ਦੇ ਖ਼ਤਰੇ ਵਿੱਚ ਹੈ। ਪੰਜ ਮੈਂਬਰੀ ਟੀਮ ਨੇ ਇਸ ਦੀ ਜਾਂਚ ਕੀਤੀ ਹੈ। ਇਸ ਵਿੱਚ ਜੋਸ਼ੀ ਮੱਠ ਦੇ ਨਗਰਪਾਲਿਕਾ ਪ੍ਰਧਾਨ ਸ਼ੈਲੇਂਦਰ ਪੰਵਾਰ, ਐਸਡੀਐਮ ਕੁਮਕੁਮ ਜੋਸ਼ੀ, ਭੂ-ਵਿਗਿਆਨੀ ਦੀਪਕ ਹਤਵਾਲ, ਕਾਰਜਕਾਰੀ ਇੰਜਨੀਅਰ (ਸਿੰਚਾਈ) ਅਨੂਪ ਕੁਮਾਰ ਡਿਮਰੀ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐਨ.ਕੇ.ਜੋਸ਼ੀ ਸ਼ਾਮਲ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਐਨ.ਕੇ. ਸ਼ਰਮਾ ਨੂੰ ਅਕਾਲੀ ਦਲ ਦੀ ਤੱਕੜੀ ਛੱਡ ਕੇ ਝਾੜੂ ਫੜ ਲੈਣਾ ਚਾਹੀਦਾ ਹੈ: ਬਲਬੀਰ ਸਿੱਧੂ

ਮਾਨ ਸਰਕਾਰ ਨੇ ਪੰਜਾਬ ਦੇ ਸਕੂਲਾਂ ‘ਚ ਸਰਦੀਆਂ ਦੀਆਂ ਛੁੱਟੀਆਂ ‘ਚ ਕੀਤਾ ਵਾਧਾ