ਚੰਡੀਗੜ੍ਹ, 8 ਜਨਵਰੀ 2023 – ਪੰਜਾਬ ਵਿੱਚ ਅਗਲੇ ਤਿੰਨ ਦਿਨਾਂ ਤੱਕ ਧੁੱਪ ਰਹੇਗੀ। ਇੰਨਾ ਹੀ ਨਹੀਂ ਦਿਨ ਦੇ ਤਾਪਮਾਨ ‘ਚ ਵੀ ਵਾਧਾ ਦਰਜ ਕੀਤਾ ਜਾਵੇਗਾ। ਜਿੱਥੇ ਮੌਸਮ ਵਿਭਾਗ ਨੇ ਪੰਜਾਬ ਦੇ ਮਾਝੇ ਅਤੇ ਦੁਆਬੇ ‘ਚ ਯੈਲੋ ਅਲਰਟ ਦਿੱਤਾ ਹੈ, ਉਥੇ ਹੀ ਮਾਲਵੇ ‘ਚ ਵੀ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪਰ 11 ਜਨਵਰੀ ਤੋਂ ਵੈਸਟਰਨ ਡਿਸਟਰਬੈਂਸ ਕਾਰਨ ਠੰਡ ਇਕ ਵਾਰ ਫਿਰ ਵਧਣ ਜਾ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਵੇਰ ਵੇਲੇ ਧੁੰਦ ਪੈਣ ਵਾਲੀ ਹੈ, ਪਰ ਦਿਨ ਚੜ੍ਹਨ ਤੋਂ ਬਾਅਦ ਸੂਰਜ ਵੀ ਖਿੜ ਜਾਵੇਗਾ। ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ ਵੀ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ। ਅਗਲੇ ਤਿੰਨ ਦਿਨਾਂ ਤੱਕ ਜ਼ਿਆਦਾਤਰ ਸ਼ਹਿਰਾਂ ਦਾ ਦਿਨ ਦਾ ਤਾਪਮਾਨ 16 ਡਿਗਰੀ ਦੇ ਨੇੜੇ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵੀ 10 ਤੱਕ ਪਹੁੰਚ ਸਕਦਾ ਹੈ, ਜੋ ਫਿਲਹਾਲ 6 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ।
ਵੈਸਟਰਨ ਡਿਸਟਰਬੈਂਸ ਇੱਕ ਗੈਰ-ਮੌਨਸੂਨਲ ਵਰਖਾ ਦਾ ਪੈਟਰਨ ਹੈ ਜੋ ਵੇਸਟਰਲੀਜ ਰਾਹੀਂ ਸੰਚਾਲਿਤ ਹੁੰਦਾ ਹੈ। ਇਸ ਤੂਫਾਨ ਦੇ 11 ਜਨਵਰੀ ਤੱਕ ਹਿਮਾਚਲ ਪਹੁੰਚਣ ਦੀ ਸੰਭਾਵਨਾ ਹੈ। ਜਿਸ ਕਾਰਨ 11 ਜਨਵਰੀ ਤੋਂ ਤਾਜ਼ਾ ਬਰਫਬਾਰੀ ਹੋ ਸਕਦੀ ਹੈ। ਜਿਸ ਤੋਂ ਬਾਅਦ ਪੰਜਾਬ ‘ਚ ਠੰਡ ਵਧੇਗੀ। ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ।
ਮੌਸਮ ਵਿਭਾਗ ਵੱਲੋਂ ਐਤਵਾਰ ਸਵੇਰੇ ਜਾਰੀ ਕੀਤੀ ਗਈ ਸੈਟੇਲਾਈਟ ਤਸਵੀਰ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਧੁੰਦ ਦੀ ਮੋਟੀ ਪਰਤ ਜੰਮ ਗਈ ਹੈ। ਮਾਝੇ ਅਤੇ ਦੁਆਬੇ ਵਿੱਚ ਵਿਜ਼ੀਬਿਲਟੀ 50 ਮੀਟਰ ਦਰਜ ਕੀਤੀ ਗਈ ਜਦਕਿ ਮਾਲਵੇ ਦੇ ਅੱਧੇ ਹਿੱਸੇ ਵਿੱਚ ਵਿਜ਼ੀਬਿਲਟੀ 25 ਮੀਟਰ ਤੋਂ ਘੱਟ ਰਹੀ।