ਜਲੰਧਰ, 12 ਜਨਵਰੀ 2023 – ਜਲੰਧਰ ‘ਚ ਆਦਮਪੁਰ ਥਾਣਾ ਅਧੀਨ ਪੈਂਦੇ ਪਿੰਡ ਹਜ਼ਾਰਾ ‘ਚ ਬੈਂਕ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਸ਼ਾਮ ਨੂੰ ਬੈਂਕ ਬੰਦ ਹੋਣ ਤੋਂ ਬਾਅਦ ਜਦੋਂ ਸਟਾਫ ਹਿਸਾਬ ਕਰਨ ਵਿੱਚ ਰੁੱਝਿਆ ਹੋਇਆ ਸੀ, ਉਸ ਵੇਲੇ ਲੁਟੇਰੇ ਨਿੱਜੀ ਬੈਂਕ ਕੋਟਕ ਮਹਿੰਦਰਾ ਵਿੱਚ ਦਾਖਲ ਹੋਏ। ਲੁਟੇਰਿਆਂ ਕੋਲ ਹਥਿਆਰ ਸਨ। ਇਨ੍ਹਾਂ ਨੇ ਹਥਿਆਰਾਂ ਦੀ ਨੋਕ ‘ਤੇ ਬੈਂਕ ‘ਚ ਪਏ 9 ਲੱਖ ਰੁਪਏ ਬੈਂਕ ਸਟਾਫ ਤੋਂ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ।
ਪੁਲੀਸ ਅਧਿਕਾਰੀਆਂ ਮੁਤਾਬਕ ਸ਼ਾਮ ਕਰੀਬ 5 ਵਜੇ ਲੁਟੇਰੇ ਬੈਂਕ ਵਿੱਚ ਦਾਖ਼ਲ ਹੋਏ। ਉਸ ਸਮੇਂ ਸਟਾਫ਼ ਬੈਂਕ ਬੰਦ ਕਰਨ ਵਿੱਚ ਰੁੱਝਿਆ ਹੋਇਆ ਸੀ। ਲੁਟੇਰਿਆਂ ਨੇ ਬੈਂਕ ‘ਚ ਦਾਖਲ ਹੋ ਕੇ ਹਵਾ ‘ਚ ਫਾਇਰਿੰਗ ਵੀ ਕੀਤੀ। ਸਟਾਫ਼ ਘਬਰਾ ਗਿਆ। ਇਸ ਤੋਂ ਬਾਅਦ ਉਹ ਬੈਂਕ ‘ਚੋਂ 9 ਲੱਖ ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਲੁਟੇਰੇ ਅੱਧੇ ਘੰਟੇ ‘ਚ ਬੈਂਕ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਪਿੰਡ ਹਜ਼ਾਰਾ ਵਿੱਚ ਕੋਟਕ ਮਹਿੰਦਰਾ ਬੈਂਕ ਵਿੱਚ ਹੋਈ ਲੁੱਟ ਦੀ ਘਟਨਾ ਤੋਂ ਤੁਰੰਤ ਬਾਅਦ ਸਟਾਫ਼ ਨੇ ਥਾਣਾ ਜੰਡੂਸਿੰਘਾ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਬੈਂਕ ਪਹੁੰਚ ਗਈ। ਪੁਲੀਸ ਨੇ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ।

ਲੁਟੇਰਿਆਂ ਨੇ ਸਿਰ ਟੋਪੀਆਂ ਨਾਲ ਢੱਕੇ ਹੋਏ ਸਨ ਅਤੇ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ, ਜਿਸ ਕਾਰਨ ਲੁਟੇਰਿਆਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਸਨ। ਉਧਰ, ਪੁਲੀਸ ਨੇ ਬੈਂਕ ਨੂੰ ਜਾਣ ਵਾਲੇ ਰਸਤਿਆਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈਣੀ ਸ਼ੁਰੂ ਕਰ ਦਿੱਤੀ ਹੈ।
