ਨਵੀਂ ਦਿੱਲੀ, 13 ਜਨਵਰੀ 2023 – ਚੀਨ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਦਰਦਨਾਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਕਿਸੇ ਝੜਪ ਜਾਂ ਵਿਰੋਧ ਦਾ ਨਹੀਂ ਸਗੋਂ ਲੋਕਾਂ ਦਰੜ ਰਹੀ ਕਾਰ ਦਾ ਹੈ। ਇਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਸ ਮਾਮਲੇ ‘ਚ 22 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਘਟਨਾ ਵੀਰਵਾਰ ਨੂੰ ਗੁਆਂਗਜ਼ੂ ਸ਼ਹਿਰ ਦੀ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਲੇ ਰੰਗ ਦੀ ਕਾਰ ਤੇਜ਼ ਰਫ਼ਤਾਰ ਨਾਲ ਲੋਕਾਂ ਨੂੰ ਕੁਚਲ ਰਹੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਡਰਾਈਵਰ ਨੂੰ ਟੱਕਰ ਤੋਂ ਬਾਅਦ ਖਿੜਕੀ ਤੋਂ ਨੋਟ ਸੁੱਟਦੇ ਹੋਏ ਵੀ ਦੇਖਿਆ ਗਿਆ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ- ਇਹ ਘਟਨਾ ਵੀਰਵਾਰ ਨੂੰ ਗੁਆਂਗਜ਼ੂ ਸ਼ਹਿਰ ਦੀ ਹੈ। ਇੱਥੇ ਇੱਕ 22 ਸਾਲਾ ਨੌਜਵਾਨ ਨੇ ਆਪਣੀ ਕਾਰ ਨਾਲ 5 ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ 13 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਘਟਨਾ ਦੀ ਜਾਣਕਾਰੀ ਇਕ ਚਸ਼ਮਦੀਦ ਨੇ ਸੋਸ਼ਲ ਮੀਡੀਆ ‘ਤੇ ਦਿੱਤੀ। ਉਸ ਨੇ ਲਿਖਿਆ- ਇੱਕ ਕਾਰ ਲੋਕਾਂ ਦੇ ਉੱਪਰ ਦੀ ਉਹਨਾਂ ਨੂੰ ਦਰੜ ਕੇ ਲੰਘ ਗਈ। ਇਸ ਤੋਂ ਬਾਅਦ ਆਸਪਾਸ ਦੇ ਲੋਕਾਂ ਵਿੱਚ ਭਗਦੜ ਮੱਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਭੱਜ ਰਹੇ ਸਨ। ਮੈਂ ਘਟਨਾ ਵਾਲੀ ਥਾਂ ‘ਤੇ ਕਰੀਬ 2 ਘੰਟੇ ਰਿਹਾ, ਲੋਕਾਂ ਨੂੰ ਹਸਪਤਾਲ ਪਹੁੰਚਾਉਣ ਵਿਚ ਮਦਦ ਕੀਤੀ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਕ ਵੀਡੀਓ ‘ਚ ਪੁਲਸ ਡਰਾਈਵਰ ਨੂੰ ਫੜਦੀ ਨਜ਼ਰ ਆ ਰਹੀ ਹੈ। ਇਸ ਵਿੱਚ ਇੱਕ 22 ਸਾਲਾ ਵਿਅਕਤੀ ਨੂੰ ਚੀਕਦਾ ਸੁਣਿਆ ਜਾ ਸਕਦਾ ਹੈ। ਉਹ ਕਹਿ ਰਿਹਾ ਹੈ- ਮੇਰੇ ਚਾਚਾ ਗੁਆਂਗਡੋਂਗ ਸੂਬੇ ਦੇ ਕਮਿਊਨਿਸਟ ਪਾਰਟੀ ਦੇ ਸਕੱਤਰ ਹਨ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਸੱਚ ਬੋਲ ਰਿਹਾ ਸੀ ਜਾਂ ਨਹੀਂ। ਪੁਲਸ ਨੇ ਤੁਰੰਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਅਜਿਹਾ ਕਿਉਂ ਕੀਤਾ ਇਸ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
