ਸੰਗਰੂਰ, 13 ਜਨਵਰੀ 2023 – ਸੰਗਰੂਰ ਦੇ ਨਜ਼ਦੀਕੀ ਪਿੰਡ ਚੱਠਾ ਨਨਹੇੜਾ-ਚਾਹੜ ਕੋਲ ਵੀਰਵਾਰ ਸ਼ਾਮ ਨੂੰ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ 23 ਸਾਲਾ ਜਸਪ੍ਰੀਤ ਸਿੰਘ, ਉਸ ਦੀ ਮਾਤਾ ਚਰਨਜੀਤ ਕੌਰ (45), ਰਿਸ਼ਤੇਦਾਰ ਵੀਰਪਾਲ ਕੌਰ (28), ਚਾਚੀ ਪਰਮਜੀਤ ਕੌਰ (55) ਅਤੇ ਛੇ ਸਾਲਾ ਜਪਜੋਤ ਸਿੰਘ ਵਾਸੀ ਪਿੰਡ ਕੋਠੇ ਆਲਾ ਸਿੰਘ ਵਾਲਾ ਵਜੋਂ ਹੋਈ ਹੈ। ਸੁਨਾਮ ਦੇ ਨੇੜੇ ਜ਼ਖਮੀ 42 ਸਾਲਾ ਸਿਮਰਜੀਤ ਕੌਰ ਨੂੰ ਗੰਭੀਰ ਹਾਲਤ ਵਿਚ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਸਾਰੇ ਲੋਕ ਆਲਟੋ ਕਾਰ ‘ਚ ਸਵਾਰ ਹੋ ਕੇ ਲੋਹੜੀ ਦਾ ਤਿਉਹਾਰ ਮਨਾਉਣ ਲਈ ਆਪਣੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ। ਇਹ ਪਰਿਵਾਰ ਸ਼ਾਮ ਵੇਲੇ ਵਾਪਸ ਆ ਰਿਹਾ ਸੀ ਜਦੋਂ ਪਿੰਡ ਚਾਹੜ ਨੇੜੇ ਕਾਰ ਬੇਕਾਬੂ ਹੋ ਕੇ ਨਹਿਰੀ ਪਾਣੀ ਦੀ ਸਪਲਾਈ ਲਈ ਖੇਤਾਂ ਕੋਲ ਬਣੇ ਚੈਂਬਰ ਨਾਲ ਜਾ ਟਕਰਾਈ। ਹਾਦਸੇ ਵਿੱਚ ਇੱਕ ਬੱਚੇ ਸਮੇਤ ਪੰਜ ਜਾਣਿਆ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਸਿਮਰਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ।

