ਨਾਭਾ, 14 ਜਨਵਰੀ 2023 – ਪਟਿਆਲਾ ਦੇ ਨਾਭਾ ਦੇ ਪਿੰਡ ਰੰਨੋ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਵਜੋਂ ਹੋਈ ਹੈ। ਮਹਿਲਾ ਦਾ ਪ੍ਰੇਮੀ ਦੁਬਈ ਤੋਂ ਪੰਜਾਬ ਆਇਆ ਅਤੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ। ਕਾਤਲਾਂ ਨੇ ਲਾਸ਼ ਸਾਹਨੀਪੁਰ ਨੇੜਿਓਂ ਲੰਘਦੀ ਨਹਿਰ ਵਿੱਚ ਸੁੱਟ ਦਿੱਤੀ ਤਾਂ ਜੋ ਕਿਸੇ ਨੂੰ ਇਸ ਕਤਲੇਆਮ ਦੀ ਸੂਹ ਨਾ ਲੱਗੇ। 4 ਜਨਵਰੀ ਨੂੰ ਜਸਬੀਰ ਸਿੰਘ ਦੇ ਭਰਾ ਰੇਸ਼ਮ ਸਿੰਘ ਨੇ ਥਾਣਾ ਭਾਦਸੋਂ ਦੇ ਐਸਐਚਓ ਮੋਹਨ ਸਿੰਘ ਨੂੰ ਆਪਣੇ ਭਰਾ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਤੋਂ ਬਾਅਦ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਵਿਸ਼ੇਸ਼ ਟੀਮ ਬਣਾਈ। ਫਿਰ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਕਾਤਲਾਂ ਨੂੰ ਬੇਨਕਾਬ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਕਾਤਲਾਂ ਵਿੱਚ ਮ੍ਰਿਤਕ ਜਸਬੀਰ ਸਿੰਘ ਦੀ ਪਤਨੀ ਅਤੇ ਉਸ ਦਾ ਪ੍ਰੇਮੀ ਕੁਲਦੀਪ ਸਿੰਘ ਸਮੇਤ ਉਸ ਦੇ ਦੋ ਹੋਰ ਸਾਥੀ ਪ੍ਰਦੀਪ ਸਿੰਘ ਅਤੇ ਬੂਟਾ ਸਿੰਘ ਸ਼ਾਮਲ ਹਨ। ਨਾਭਾ ਦੇ ਭਾਦਸੋਂ ਪੁਲਸ ਨੇ ਦੱਸਿਆ ਕਿ ਕਾਤਲਾਂ ਨੇ ਜਸਬੀਰ ਸਿੰਘ ਦੀ ਪਤਨੀ ਦੇ ਕਹਿਣ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ ਕੁਲਦੀਪ ਸਿੰਘ 12 ਦਸੰਬਰ ਨੂੰ ਹੀ ਦੁਬਈ ਤੋਂ ਪੰਜਾਬ ਪਰਤਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਪ੍ਰੇਮਿਕਾ ਨਾਲ ਸਰੀਰਕ ਸਬੰਧ ਬਣਾਏ। ਫਿਰ ਔਰਤ ਨੇ ਪ੍ਰੇਮੀ ਕੁਲਦੀਪ ਸਿੰਘ ਨੂੰ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਕਿਹਾ।
ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਜਸਬੀਰ ਸਿੰਘ ਨੂੰ ਮਾਰਨ ਦੀਆਂ 2-3 ਅਸਫਲ ਕੋਸ਼ਿਸ਼ਾਂ ਕੀਤੀਆਂ। ਪਰ 2 ਜਨਵਰੀ 2023 ਨੂੰ ਜਸਬੀਰ ਸਿੰਘ ਨੂੰ ਆਪਣੇ ਨਾਲ ਲੈ ਕੇ ਉਸ ਨੂੰ ਪਹਿਲਾਂ ਪਿੰਡ ਸਾਹਨੀਪੁਰ ਵਿਖੇ ਨਹਿਰ ਦੇ ਕੰਢੇ ਸ਼ਰਾਬ ਪਿਲਾਈ। ਫਿਰ ਉਨ੍ਹਾਂ ਜਸਬੀਰ ਸਿੰਘ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਕਾਤਲਾਂ ਨੇ ਜਸਬੀਰ ਸਿੰਘ ਨੂੰ ਮੋਟਰਸਾਈਕਲ ਸਮੇਤ ਨਹਿਰ ਵਿੱਚ ਸੁੱਟ ਦਿੱਤਾ। ਜਾਂਚ ਟੀਮ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਤਲਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਜਾਂਚ ਅਨੁਸਾਰ ਜਸਬੀਰ ਸਿੰਘ ਦੀ ਹੱਤਿਆ ਦੀ ਦੋਸ਼ੀ ਪਤਨੀ ਦਾ ਦੁਬਈ ਨਿਵਾਸੀ ਕੁਲਦੀਪ ਸਿੰਘ ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਹੋਇਆ ਸੀ ਅਤੇ ਫਿਰ ਉਹ ਦੋਸਤ ਬਣ ਗਏ। ਇਸ ਤੋਂ ਬਾਅਦ ਕੁਲਦੀਪ ਸਿੰਘ ਦੁਬਈ ਤੋਂ ਪੰਜਾਬ ਵਾਪਸ ਆ ਗਿਆ ਅਤੇ ਉਸ ਨੇ ਆਪਣੀ ਪ੍ਰੇਮਿਕਾ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਉਸ ਨੇ ਜਸਬੀਰ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰਚੀ।
ਕਤਲ ਤੋਂ ਕਈ ਦਿਨਾਂ ਬਾਅਦ ਪੁਲੀਸ ਨੇ ਕਾਤਲਾਂ ਦੇ ਇਸ਼ਾਰੇ ’ਤੇ ਜਸਬੀਰ ਸਿੰਘ ਦਾ ਮੋਟਰਸਾਈਕਲ, ਮੋਬਾਈਲ ਅਤੇ ਉਸ ਦੇ ਕੱਪੜੇ ਨਹਿਰ ਵਿੱਚੋਂ ਬਰਾਮਦ ਕਰ ਲਏ ਸਨ। ਜਸਬੀਰ ਸਿੰਘ ਦੀ ਲਾਸ਼ ਵੀ ਗੰਡਾ ਖੇੜੀ ਥਾਣੇ ਤੋਂ ਕਰੀਬ 5-6 ਕਿਲੋਮੀਟਰ ਦੂਰ ਨਹਿਰ ਵਿੱਚੋਂ ਬਰਾਮਦ ਹੋਈ ਹੈ। ਪੁਲੀਸ ਨੇ ਜਸਬੀਰ ਸਿੰਘ ਦੇ ਕਤਲ ਦਾ ਕਾਰਨ ਉਸ ਦੀ ਪਤਨੀ ਦੇ ਕੁਲਦੀਪ ਸਿੰਘ ਨਾਲ ਨਾਜਾਇਜ਼ ਸਬੰਧਾਂ ਨੂੰ ਦੱਸਿਆ ਹੈ।