ਨਵੀਂ ਦਿੱਲੀ, 14 ਜਨਵਰੀ 2023 – ਦਿੱਲੀ ‘ਚ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ ਹੈ ਹੈ ਕਿ “ਸੀਬੀਆਈ ਨੇ ਉਨ੍ਹਾਂ ਦੇ ਦਫ਼ਤਰ ‘ਤੇ ਛਾਪਾ ਮਾਰਿਆ ਹੈ, ਮੇਰੇ ਲਾਕਰ ਦੀ ਤਲਾਸ਼ੀ ਲਈ, ਮੇਰੇ ਪਿੰਡ ਵਿਚ ਵੀ ਜਾਂਚ ਕੀਤੀ, ਮੇਰੇ ਖਿਲਾਫ ਕੁਝ ਨਹੀਂ ਪਾਇਆ ਗਿਆ ਅਤੇ ਨਾ ਹੀ ਕੁਝ ਪਾਇਆ ਜਾਵੇਗਾ ਕਿਉਂਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਹੈ। ਦਿੱਲੀ ਦੇ ਬੱਚਿਆਂ ਦੀ ਸਿੱਖਿਆ ਲਈ ਦਿਲੋਂ ਕੰਮ ਕੀਤਾ।”
ਦੂਜੇ ਪਾਸੇ ਸੀਬੀਆਈ ਨੇ ਕਿਹਾ ਕਿ ਏਜੰਸੀ ਨੇ ਸਿਸੋਦੀਆ ਦੇ ਦਫ਼ਤਰ ‘ਤੇ ਛਾਪਾ ਨਹੀਂ ਮਾਰਿਆ ਹੈ। ਅਧਿਕਾਰੀ ਕੁਝ ਕਾਗਜ਼ਾਤ ਲੈਣ ਲਈ ਉਥੇ ਪੁੱਜੇ ਹੋਏ ਸਨ। ਇਹ ਛਪਿਆ ਨਹੀਂ ਸੀ।
ਅਸਲ ‘ਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦਿੱਲੀ ਦੀ ਸ਼ਰਾਬ ਨੀਤੀ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਮਨੀਸ਼ ਸਿਸੋਦੀਆ ਸਮੇਤ ਕਈ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਸਬੰਧੀ ਪਿਛਲੇ ਸਾਲ ਅਗਸਤ ‘ਚ ਵੀ ਸੀਬੀਆਈ ਨੇ ਮਨੀਸ਼ ਸਿਸੋਦੀਆ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਕਾਰਨ, ਦਿੱਲੀ ਦਾ ਆਬਕਾਰੀ ਵਿਭਾਗ ਮਨੀਸ਼ ਸਿਸੋਦੀਆ ਦੇ ਅਧੀਨ ਹੀ ਆਉਂਦਾ ਹੈ। ਹਾਲਾਂਕਿ ਉਦੋਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਅਤੇ ਸਿਸੋਦੀਆ ਇਹ ਕਹਿੰਦੇ ਆ ਰਹੇ ਹਨ ਕਿ ਸੀਬੀਆਈ ਨੂੰ ਜਾਂਚ ‘ਚ ਕੁਝ ਨਹੀਂ ਮਿਲਿਆ ਅਤੇ ਨਾ ਹੀ ਅੱਗੇ ਕੁਝ ਮਿਲੇਗਾ।
ਸੀਬੀਆਈ ਦੇ ਛਾਪੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਨੇ ਟਵੀਟ ਕੀਤਾ, “ਇੱਕ ਵਾਰ ਫਿਰ ਮੋਦੀ ਜੀ ਦੀ ਸੀਬੀਆਈ ਮਨੀਸ਼ ਸਿਸੋਦੀਆ ਜੀ ਦੇ ਦਫ਼ਤਰ ਪਹੁੰਚੀ। ਪਰ ਹੁਣ ਤੱਕ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਆਖਰੀ ਛਾਪੇਮਾਰੀ ਵਿੱਚ ਕੀ ਮਿਲਿਆ ? ਕਿਉਂਕਿ ਮਨੀਸ਼ ਜੀ ਦੇ ਘਰ, ਦਫ਼ਤਰ, ਬੈਂਕ ਲਾਕਰ ਅਤੇ ਇੱਥੋਂ ਤੱਕ ਕਿ ਮਨੀਸ਼ ਜੀ ਦੇ ਪਿੰਡ ਵਿੱਚ ਵੀ ਜਾਂਚ ਕਰਨ ਤੋਂ ਬਾਅਦ ਵੀ ਇਹਨਾਂ ਨੂੰ ਕੁਝ ਨਹੀਂ ਮਿਲਿਆ।”