ਚੰਡਗੜ੍ਹ, 15 ਜਨਵਰੀ 2023 – ਇੰਗਲੈਂਡ ‘ਚ ਵਸਦੇ ਇੱਕ ਪੰਜਾਬੀ ਨੇ ਇੱਕ ਗੀਤ ਗਾਇਆ ਹੈ, ਜੋ ਕਿ ਕਾਫੀ ਵਾਇਰਲ ਹੋ ਰਿਹਾ ਹੈ। ਅਸਲ ‘ਚ ਇਹ ਗੀਤ ਇੱਕ 59 ਸਾਲ ਦੇ ਇੱਕ ਵਿਅਕਤੀ ਵੱਲੋਂ ਗਾਇਆ ਗਿਆ ਹੈ। ਇਸ ਗੀਤ ‘ਚ ਉਸ ਨੇ ਵਿਦੇਸ਼ਾਂ ‘ਚ ਪੰਜਾਬੀਆਂ ਵੱਲੋਂ ਹੱਡ-ਤੋੜਵੀਂ ਮਿਹਨਤ ਬਾਰੇ ਦੱਸਿਆ ਹੈ ਕਿ ਦੂਜੇ ਦੇਸ਼ਾਂ ਤੋਂ ਆ ਕੇ ਲੋਕ ਇੰਗਲੈਂਡ ‘ਚ ਕਿਵੇਂ ਮਿਹਨਤ ਕਰਦੇ ਹਨ। ਗੀਤ ਗਾਉਣ ਵਾਲੇ ਪੰਜਾਬੀ ਦਾ ਨਾਂਅ ਰਣਜੀਤ ਸਿੰਘ ਹੈ। ਉਹ ਪੇਸ਼ੇ ਵੱਜੋਂ ਇੱਕ ਬੱਸ ਡਰਾਇਵਰ ਹੈ। ਇਹ ਗੀਤ ਉਸ ਵੱਲੋਂ ਆਪਣੇ ਖਿੱਤੇ ਦੇ ਸਬੰਧ ‘ਚ ਹੀ ਗਾਇਆ ਗਿਆ ਹੈ।
ਰਣਜੀਤ ਸਿੰਘ ਵੱਲੋਂ ਇਹ ਗੀਤ ਤਿਆਰ ਕਰਕੇ ਯੂ-ਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਲੋਕਾਂ ਵੱਲੋਂ ਬੁਹਤ ਹੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਧੁਨ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਮੁਤਾਬਕ ਰਣਜੀਤ ਸਿੰਘ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਜ਼ ਦੇ ਵੈਸਟ ਬਰੋਮਵਿਚ ਡਿਪੂ ਵਿੱਚ ਕੰਮ ਕਰਦਾ ਹੈ। ਉਹ ਪਿਛਲੇ 13 ਸਾਲਾਂ ਤੋਂ ਇਸ ਫਰਮ ਲਈ ਕੰਮ ਕਰ ਰਿਹਾ ਹੈ। ਸਿੰਘ ਭਾਰਤ ਵਿੱਚ ਆਪਣੇ ਪਰਿਵਾਰ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਉਸਨੇ ਰੋਜ਼ੀ-ਰੋਟੀ ਲਈ ਕੀ ਕੀਤਾ ਹੈ। ਇਸ ਲਈ ਉਸ ਨੇ ਆਪਣੇ ਕੁਝ ਦੋਸਤਾਂ ਨਾਲ ਇੱਕ ਵੀਡੀਓ ਗੀਤ ਰਿਕਾਰਡ ਕੀਤਾ। ਹੁਣ ਜਦੋਂ ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਤਾਂ ਸਿੰਘ ਵੀ ਇਸ ਤੋਂ ਕਾਫੀ ਖੁਸ਼ ਹਨ।
ਰਣਜੀਤ ਸਿੰਘ ਨੇ ਕਿਹਾ ਕਿ ਟੀਮ ਭਾਵਨਾ ਕਾਰਨ ਇਹ ਸੰਭਵ ਹੋਇਆ ਹੈ। ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜੋ ਵੈਸਟ ਬਰੋਮਵਿਚ ਡਿਪੂ ਵਿਖੇ ਇਕੱਠੇ ਆਉਣ ਵਾਲੇ ਵੱਖ-ਵੱਖ ਭਾਈਚਾਰਿਆਂ ਦਾ ਇਕੱਠੇ ਜਸ਼ਨ ਮਨਾਵੇ। ਉਸ ਨੇ ਕਿਹਾ, ‘ਮੇਰਾ ਹਮੇਸ਼ਾ ਤੋਂ ਇਹ ਸੁਪਨਾ ਰਿਹਾ ਹੈ ਕਿ ਮੈਂ ਆਪਣੀ ਨੌਕਰੀ ਬਾਰੇ ਵੀਡੀਓ ਗੀਤ ਬਣਾਵਾਂ, ਤਾਂ ਜੋ ਜਦੋਂ ਮੈਂ ਰਿਟਾਇਰ ਹੋਵਾਂ ਤਾਂ ਮੈਂ ਇਸ ਨੂੰ ਯਾਦ ਵਜੋਂ ਦੇਖ ਸਕਾਂ। ਮੈਂ ਯਾਦ ਰੱਖ ਸਕਾਂ ਕਿ ਅਸੀਂ ਆਪਣੇ ਦੋਸਤਾਂ ਨਾਲ ਬੱਸ ਕਿਵੇਂ ਚਲਾਉਂਦੇ ਸੀ।’